ਕੈਮਰੂਨ ਦੇ ਨਾਈਟ ਕਲੱਬ ‘ਚ ਲੱਗੀ ਭਿਆਨਕ ਅੱਗ, 16 ਲੋਕ ਜ਼ਿੰਦਾ ਸੜੇ, ਕਈਆਂ ਦੀ ਹਾਲਤ ਗੰਭੀਰ

TeamGlobalPunjab
2 Min Read

ਯਾਉਂਡੇ: ਅਫ਼ਰੀਕੀ ਦੇਸ਼ ਕੈਮਰੂਨ ਦੀ ਰਾਜਧਾਨੀ ਯਾਉਂਡੇ ਦੇ ਇੱਕ ਮਸ਼ਹੂਰ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਨਾਈਟ ਕਲੱਬ ‘ਚ ਸੈਂਕੜੇ ਲੋਕ ਮੌਜੂਦ ਸਨ। ਅੱਗ ਦੀਆਂ ਲਪਟਾਂ ਤੋਂ ਪੈਦਾ ਹੋਈ ਗਰਮੀ ਕਾਰਨ ਨਾਈਟ ਕਲੱਬ ਵਿੱਚ ਧਮਾਕਾ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਲਾਸ਼ਾਂ ਬੁਰੀ ਤਰ੍ਹਾਂ ਸੜ ਜਾਣ ਕਾਰਨ ਉਨ੍ਹਾਂ ਦੀ ਪਛਾਣ ਵਿੱਚ ਵੀ ਦਿੱਕਤ ਆ ਰਹੀ ਹੈ।

ਯਾਉਂਡੇ ਵਿੱਚ ਇਹ ਹਾਦਸਾ ਅਜਿਹੇ ਸਮੇਂ ਵਿੱਚ ਵਾਪਰਿਆ ਹੈ ਜਦੋਂ ਕੈਮਰੂਨ ਇੱਕ ਮਹੀਨੇ ਤੱਕ ਚੱਲਣ ਵਾਲੇ ਅਫਰੀਕਨ ਫੁੱਟਬਾਲ ਕੱਪ ਆਫ ਨੇਸ਼ਨਜ਼ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਵਿੱਚ ਪੂਰੇ ਅਫ਼ਰੀਕੀ ਮਹਾਂਦੀਪ ਤੋਂ ਹਜ਼ਾਰਾਂ ਫੁੱਟਬਾਲ ਖਿਡਾਰੀ, ਪ੍ਰਸ਼ੰਸਕ ਅਤੇ ਅਧਿਕਾਰੀ ਹਿੱਸਾ ਲੈ ਰਹੇ ਹਨ। ਸਰਕਾਰੀ ਬੁਲਾਰੇ ਰੇਨੇ ਇਮੈਨੁਅਲ ਸਾਦੀ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਨਾਂ ਅਤੇ ਕੌਮੀਅਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਅੱਗ ਰਾਜਧਾਨੀ ਦੇ ਗੁਆਂਢ ਵਿੱਚ ਸਥਿਤ ਬੈਸਤੋਸ ਦੇ ਨਾਈਟ ਕਲੱਬ ਤੋਂ ਸ਼ੁਰੂ ਹੋਈ ਅਤੇ ਉਸ ਥਾਂ ਤੱਕ ਫੈਲ ਗਈ ਜਿੱਥੇ ਰਸੋਈ ਗੈਸ ਰੱਖੀ ਗਈ ਸੀ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਖ਼ਮੀਆਂ ਨੂੰ ਯਾਉਂਡੇ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕੈਮਰੂਨ ਦੇ ਰਾਸ਼ਟਰਪਤੀ ਪਾਲ ਬੀਆ ਨੇ ਇੱਕ ਬਿਆਨ ਵਿੱਚ ਦਿਲਾਸਾ ਜ਼ਾਹਰ ਕੀਤਾ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।

- Advertisement -

Share this Article
Leave a comment