ਬਰਖਾਸਤ ਡੀਐੱਸਪੀ ਦਵਿੰਦਰ ਸਿੰਘ ‘ਤੇ NIA ਨੇ ਕੱਸਿਆ ਸ਼ਿਕੰਜਾ, UAPA ਤਹਿਤ ਕੇਸ ਦਰਜ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਦੀ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (NIA) ਨੇ 11 ਜਨਵਰੀ ਨੂੰ ਹਿਜਬੁਲ ਦੇ ਦੋ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤੇ ਗਏ ਜੰਮੂ ਕਸ਼ਮੀਰ ਦੇ ਡੀਐੱਸਪੀ ਦਵਿੰਦਰ ਸਿੰਘ ‘ਤੇ ਯੂਏਪੀਏ ਤਹਿਤ ਕੇਸ ਦਰਜ ਕਰ ਲਿਆ ਹੈ। ਐੱਨਆਈਏ ਨੇ ਡੀਐੱਸਪੀ ਦਵਿੰਦਰ ਸਿੰਘ ਦੇ ਖਿਲਾਫ ਆਰਮਜ਼ ਐਕਟ, ਵਿਸਫੋਟਕ ਪਦਾਰਥ ਰੱਖਣ ਦੇ ਨਾਲ ਅਨ-ਲਾਅਫੁਲ ਐਕਟੀਵਿਟੀ ਪ੍ਰੀਵੈਨਸ਼ਨ ਐਕਟ (UAPA) ਦੀਆਂ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਆਈਏ ਨੇ ਦਵਿੰਦਰ ਸਿੰਘ ਖਿਲਾਫ ਯੂਏਪੀਏ ਦੀ ਧਾਰਾ 18,19,20,38 ਤੇ 39 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਯੂਏਪੀਏ (UAPA) ਦੀ ਧਾਰਾ 38,39 ਕਿਸੇ ਵਿਅਕਤੀ ‘ਤੇ ਅੱਤਵਾਦੀ ਸੰਗਠਨਾਂ ਨੂੰ ਮਦਦ ਪਹੁੰਚਾਉਣ ਦੇ ਦੋਸ਼ ‘ਚ ਲਗਾਈ ਜਾਂਦੀ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਡੀਐੱਸਪੀ ਦਵਿੰਦਰ ਸਿੰਘ ਨੇ ਹਿਜਬੁਲ ਦੇ ਦੋ ਅੱਤਵਾਦੀਆਂ ਦੀ ਮਦਦ ਕੀਤੀ ਸੀ। ਜਿਸ ਤੋਂ ਬਾਅਦ ਹਿਜਬੁਲ ਦੇ ਦੋਵੇਂ ਅੱਤਵਾਦੀ ਤੇ ਡੀਐੱਸਪੀ ਦਵਿੰਦਰ ਸਿੰਘ ਖਿਲਾਫ ਯੂਏਪੀਏ (UAPA) ਦੀ ਧਾਰਾ 38,39 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਸੂਤਰਾਂ ਦਾ ਦਾਅਵਾ ਹੈ ਕਿ ਦਵਿੰਦਰ ਸਿੰਘ ਕੋਲੋਂ ਮਿਲੇ ਹੈਂਡ ਗ੍ਰੇਨੇਡ, ਏਕੇ-47, ਪਿਸਤੌਲ ਤੇ ਮੋਬਾਈਲ ਫੋਨ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਐੱਨਆਈਏ ਦੀ ਟੀਮ ਵੱਲੋਂ ਦਵਿੰਦਰ ਸਿੰਘ ਦੇ ਪਾਕਿਸਤਾਨੀ ਅੱਤਵਾਦੀਆਂ ਨਾਲ ਸਬੰਧਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ।

ਦੱਸ ਦਈਏ ਕਿ ਡੀਐੱਸਪੀ ਦਵਿੰਦਰ ਸਿੰਘ ਨੂੰ 11 ਜਨਵਰੀ ਵਾਲੇ ਦਿਨ ਉਨ੍ਹਾਂ ਦੀ ਗੱਡੀ ‘ਚ ਹਿਜਬੁਲ ਦੇ ਦੋ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਵੱਲੋਂ ਦੇਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਦਵਿੰਦਰ ਸਿੰਘ ਦੇ ਖਿਲਾਫ ਦਰਜ ਐੱਫਆਈਆਰ ‘ਚ ਲਗਾਏ ਗਏ ਦੋਸ਼ਾਂ ਦੀ ਵਿਸਤ੍ਰਿਤ ਜਾਂਚ ਲਈ ਐੱਨਆਈਏ ਦੀ ਟੀਮ ਸੋਮਵਾਰ ਨੂੰ ਜੰਮੂ-ਕਸ਼ਮੀਰ ਲਈ ਰਵਾਨਾ ਹੋਵੇਗੀ।

- Advertisement -

Share this Article
Leave a comment