ਪੰਜਾਬ ਦੀ ਰਾਜਨੀਤੀ ‘ਚ ਨਵਾਂ ਘਮਸਾਨ

Global Team
3 Min Read

ਜਗਤਾਰ ਸਿੰਘ ਸਿੱਧੂ

ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਨਤੀਜੇ ਨੇ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਘਮਸਾਨ ਮਚਾ ਦਿੱਤਾ ਹੈ । ਆਪ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਸ਼ਾਨਦਾਰ ਜਿੱਤ ਨੇ ਅਜਿਹੀਆਂ ਰਾਜਸੀ ਧਿਰਾਂ ਨੂੰ ਚਿੱਤ ਕਰ ਦਿੱਤਾ ਜਿਹੜੀਆਂ ਰਾਜਨੀਤੀ ਦੀਆਂ ਵੱਡੀਆਂ ਰਵਾਇਤੀ ਦਾਅਵੇਦਾਰ ਹਨ। ਪੰਜਾਬ ਦੀ ਹਾਕਮ ਧਿਰ ਵਿੱਚ ਮੰਤਰੀ ਮੰਡਲ ਦੇ ਪੁਨਰਗਠਨ ਦੀ ਕੁਝ ਦਿਨਾਂ ਵਿੱਚ ਚਰਚਾ ਪੂਰੀ ਭਖੀ ਹੋਈ ਹੈ । ਇਸ ਦਾ ਫੌਰੀ ਕਾਰਨ ਤਾਂ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨਾ ਹੈ । ਇਸ ਦੇ ਇਲਾਵਾ ਕਿਹਾ ਜਾ ਰਿਹਾ ਹੈ ਕਿ ਕੁਝ ਮੰਤਰੀਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਮੰਤਰੀ ਮੰਡਲ ਵਿਚੋਂ ਛੁੱਟੀ ਵੀ ਹੋ ਸਕਦੀ ਹੈ । ਇਸ ਤਰ੍ਹਾਂ ਲੁਧਿਆਣਾ ਦੀ ਆਪ ਦੀ ਜਿੱਤ ਵਿਰੋਧੀਆਂ ਲਈ ਹੀ ਹਲਚਲ ਨਹੀਂ ਲੈਕੇ ਆਈ ਸਗੋਂ ਹਾਕਮ ਧਿਰ ਲਈ ਵੀ ਤਬਦੀਲੀ ਦਾ ਸੁਨੇਹਾ ਲੈ ਕੇ ਆਈ ਹੈ । ਇਹ ਪਿਰਤ ਆਪ ਨੂੰ ਰਵਾਇਤੀ ਪਾਰਟੀਆਂ ਨਾਲੋਂ ਨਿਖੇੜਦੀ ਹੈ ।

ਇਸ ਚੋਣ ਦੌਰਾਨ ਕਈ ਮਾਮਲੇ ਵੱਡੀ ਚਰਚਾ ਦਾ ਕਾਰਨ ਬਣੇ ਅਤੇ ਇੰਨਾਂ ਵਿਚੋਂ ਇਕ ਵੱਡਾ ਮੁੱਦਾ ਵਿਰੋਧੀ ਧਿਰਾਂ ਨੇ ਕੇਜਰੀਵਾਲ ਦੇ ਰਾਜ ਸਭਾ ਵਿੱਚ ਜਾਣ ਦਾ ਬਣਾਇਆ । ਹੁਣ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਨਹੀਂ ਜਾ ਰਹੇ । ਇਹ ਐਲਾਨ ਉਸ ਵੇਲੇ ਆਇਆ ਹੈ ਜਦੋਂ ਲੁਧਿਆਣਾ ਦੀ ਸੀਟ ਆਪ ਦੀ ਝੋਲੀ ਪੈ ਗਈ ਹੈ ਅਤੇ ਹੁਣ ਵਿਰੋਧੀ ਪਾਰਟੀਆਂ ਇਹ ਨਹੀਂ ਆਖ ਸਕਦੀਆਂ ਕਿ ਲੁਧਿਆਣਾ ਦੀ ਚੋਣ ਜਿੱਤਣ ਲਈ ਇਹ ਕੀਤਾ ਗਿਆ ਹੈ । ਜੇ ਕਰ ਕੇਜਰੀਵਾਲ ਦੇ ਰਾਜ ਸਭਾ ਜਾਣ ਦਾ ਕੋਈ ਮਾਮਲਾ ਹੀ ਨਹੀਂ ਸੀ ਤਾਂ ਵਿਰੋਧੀ ਧਿਰ ਨੇ ਬੇਲੋੜਾ ਮੁੱਦਾ ਕਿਉਂ ਬਣਾਇਆ?

ਵਿਰੋਧੀ ਧਿਰਾਂ ਵਿਚ ਕਾਂਗਰਸ ਨੂੰ ਵੱਡਾ ਝਟਕਾ ਹੈ ਕਿਉਂਕਿ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਮੰਤਰੀ ਰਹਿ ਚੁੱਕੇ ਹਨ ਅਤੇ ਕਾਰੋਬਾਰੀ ਲੋਕਾਂ ਨਾਲ ਚੰਗੇ ਸਬੰਧ ਹਨ । ਬੇਸ਼ੱਕ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਮੀਦਵਾਰ ਆਸ਼ੂ ਦੋਵੇਂ ਆਖ ਚੁੱਕੇ ਹਨ ਕਿ ਪਾਰਟੀ ਨੇ ਇੱਕਠੇ ਹੋਕੇ ਚੋਣ ਲੜੀ ਹੈ ਪਰ ਇਹ ਸਭ ਜਾਣਦੇ ਹਨ ਕਿ ਕਾਂਗਰਸ ਦਾ ਕਿਹੋ ਜਿਹਾ ਏਕਾ ਸੀ ਅਤੇ ਪਾਰਟੀ ਨੂੰ ਭੁਗਤਣਾ ਵੀ ਪਿਆ ।

ਅਕਾਲੀ ਭਾਜਪਾ ਗਠਜੋੜ ਹੋਣ ਦੀ ਚਰਚਾ ਵੀ ਇਸ ਚੋਣ ਵਿੱਚ ਉੱਭਰੀ ਹੈ ਪਰ ਜਿਥੇ ਭਾਜਪਾ ਤੀਜੇ ਨੰਬਰ ਤੇ ਚਲੀ ਗਈ ਉਥੇ ਅਕਾਲੀ ਦਲ ਨੂੰ ਤਕੜਾ ਝਟਕਾ ਵੋਟਰਾਂ ਨੇ ਦਿੱਤਾ ਹੈ । ਇਸ ਤੋਂ ਇਲਾਵਾ ਅਕਾਲੀ ਦਲ ਦੀ ਭਰਤੀ ਲਈ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਸੁਖਬੀਰ ਬਾਦਲ ਉੱਤੇ ਚੋਣ ਨੂੰ ਲੈ ਕੇ ਤਕੜੇ ਸਵਾਲ ਉਠਾਏ ਹਨ। ਅਜਿਹੀ ਸਥਿਤੀ ਵਿੱਚ ਗਠਜੋੜ ਦੇ ਨਾਲ ਨਾਲ ਪੰਜਾਬੀਆਂ ਦਾ ਭਰੋਸਾ ਜਿੱਤਣਾ ਵਧੇਰੇ ਵੱਡਾ ਕਾਰਜ ਹੈ ।

ਸੰਪਰਕ 9814002186

Share This Article
Leave a Comment