ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਦੀ ਕੋਰਟ ਆਫ਼ ਅਪੀਲ ਨੇ ਸਰੀ ਦੇ ਕਾਇਰੋਪਰੈਕਟਰ ਡਾ. ਮਨਿੰਦਰ ਸਿੰਘ ਬਦਿਆਲ ਵਿਰੁੱਧ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣ ਦੇ ਹੁਕਮ ਦਿਤੇ ਹਨ। ਜਿਸ ਨੂੰ ਜੂਨ 2017 ਵਿਚ ਸਰੀ ਪ੍ਰੋਵਿਨਸ਼ੀਅਲ ਕੋਰਟ ਨੇ ਠੱਗੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਸੀ। ਸਰੀ ਵਿਖੇ ਸਥਿਤ ਐਬਸੋਲਿਊਟ ਹੈਲਥ ਐਂਡ ਵੈਲਨੈਸ ਕਲੀਨਿਕ ਦੇ ਮਾਲਕ ਡਾ.ਮਨਿੰਦਰ ਸਿੰਘ ਬਦਿਆਲ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦੇ ਦੋਸ਼ ਲੱਗੇ ਸਨ।
ਦੋਸ਼ਾਂ ਮੁਤਾਬਕ ਡਾ. ਬਦਿਆਲ ਨੇ ਆਈ ਸੀ.ਬੀ.ਸੀ. ਤੋਂ ਉਨ੍ਹਾਂ ਸੇਵਾਵਾਂ ਬਦਲੇ ਫ਼ੀਸ ਵਸੂਲ ਕੀਤੀ ਜੋ ਕਦੇ ਮੁਹੱਈਆ ਨਹੀਂ ਕਰਵਾਈਆਂ ਗਈਆਂ। ਇਹ ਬਿੱਲ ਵਸੂਲੀ 13 ਮਰੀਜ਼ਾਂ ਨਾਲ ਸਬੰਧਤ ਸੀ ਅਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਰੀ ਪ੍ਰੋਵਿਨਸ਼ੀਅਲ ਕੋਰਟ ਨੇ ਡਾ. ਬਦਿਆਲ ਨੂੰ 11 ਮਰੀਜ਼ਾਂ ਦੀ ਬਿਲਿੰਗ ਵਿਚ ਧੋਖਾਧੜੀ ਕਰਨ ਦਾ ਦੋਸ਼ੀ ਠਹਿਰਾਇਆ ਸੀ।
ਬਿਟਿਸ਼ ਕੋਲੰਬੀਆ ਦੀ ਕੋਰਟ ਆਫ਼ ਅਪੀਲ ਨੇ ਆਪਣੇ ਤਾਜ਼ਾ ਫ਼ੈਸਲੇ ਵਿਚ ਕਿਹਾ, “ਅਪੀਲ ਵਿਚ ਤਿੰਨ ਮਾਮਲੇ ਸਾਹਮਣੇ ਆਉਂਦੇ ਹਨ। ਪਹਿਲੇ ਮਸਲੇ ਤਹਿਤ ਡਾ.ਦਿਆਲ ਦਲੀਲਾਂ ਦੇ ਰਿਹਾ ਹੈ ਕਿ ਹੇਠਲੀ ਅਦਾਲਤ ਦੇ ਜੱਜ ਵੱਲੋਂ ਗਵਾਹਾਂ ਦੀ ਗ਼ੈਰਵਾਜਬ ਵਰਤੋਂ ਕੀਤੀ ਗਈ। ਦੂਜਾ ਮਸਲੇ ਤਹਿਤ ਡਾ.ਬਦਿਆਲ ਕਹਿ ਰਿਹਾ ਹੈ ਕਿ ਸੁਣਵਾਈ ਅਦਾਲਤ ਦੇ ਜੱਜ ਨੇ ਕੋਤਾਹੀ ਭਰਪੂਰ ਤਰੀਕੇ ਨਾਲ ਸਿਧਾਂਤਾਂ ਨੂੰ ਲਾਗੂ ਕੀਤਾ। ਤੀਜਾ ਮਸਲਾ ਇਹ ਕਿ ਜੱਜ ਨੇ ਇਸ ਸਿਧਾਂਤ ਵੱਲ ਧਿਆਨ ਨਹੀਂ ਦਿਤਾ ਕਿ ਅਪਰਾਧਿਕ ਮਾਮਲੇ ਵਿਚ ਸਬੂਤ ਪੇਸ਼ ਕਰਨ ਦਾ ਬੋਝ ਕਰਾਉਨ ਵੱਲੋਂ ਚੁੱਕਿਆ ਜਾਂਦਾ ਹੈ।