ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ CM ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਸ਼ਾਨਦਾਰ ਬਜਟ ਅਲਾਟ ਕਰਨ ਦੀ ਯੋਜਨਾ ਬਣਾ ਰਹੀ ਹੈ।
ਸੈਕਟਰ 42 ਦੇ ਹਾਕੀ ਸਟੇਡੀਅਮ ਵਿਖੇ ਹਾਕੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਉਲੰਪਿਕ ਦਿਵਸ ਸਮਾਗਮ ਦੌਰਾਨ ਹਾਜ਼ਰੀਨ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਜੋ ਦੇਸ਼ ਦੇ ਹੋਰਨਾਂ ਖੇਡ ਮੰਤਰੀਆਂ ਵਿੱਚੋਂ ਸਭ ਤੋਂ ਨੌਜਵਾਨ ਖੇਡ ਮੰਤਰੀ ਹਨ, ਅਤੇ ਉਨ੍ਹਾਂ ਦੀ ਟੀਮ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਹੇਠਲੇ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਉਭਰਦੇ ਅਤੇ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਸਮਰਥਨ ਦੇਣ ਲਈ ਇੱਕ ਨਵੀਂ ਖੇਡ ਨੀਤੀ ਦਾ ਖਰੜਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਪ੍ਰਤਿਭਾ ਦੀ ਬਹੁਤ ਵੱਡੀ ਸਮਰੱਥਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਉਤਸ਼ਾਹ, ਢੁਕਵਾਂ ਬੁਨਿਆਦੀ ਢਾਂਚਾ ਅਤੇ ਮੌਕੇ ਪ੍ਰਦਾਨ ਕਰਕੇ ਹੀ ਲਿਆ ਜਾ ਸਕਦਾ ਹੈ।
ਹਾਕੀ ਦੀ ਖੇਡ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਨੂੰ ਯਾਦ ਕਰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਸ. ਬਲਬੀਰ ਸਿੰਘ, ਸ. ਊਧਮ ਸਿੰਘ, ਸ. ਅਜੀਤਪਾਲ ਸਿੰਘ, ਸ੍ਰੀ ਸੁਰਿੰਦਰ ਸੋਢੀ ਅਤੇ ਸ. ਪਰਗਟ ਸਿੰਘ ਵਰਗੇ ਦਿੱਗਜ ਖਿਡਾਰੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ। ਸ. ਹਰਪਾਲ ਸਿੰਘ ਚੀਮਾ ਨੇ ਹਾਕੀ ਚੰਡੀਗੜ੍ਹ ਵੱਲੋਂ ਖੇਡ ਨੂੰ ਪ੍ਰਫੁੱਲਤ ਕਰਨ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਪਣੇ ਅਖਤਿਆਰੀ ਕੋਟੇ ਤੋਂ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।ਓਲੰਪਿਕ ਦਿਵਸ ਮਨਾਉਣ ਲਈ ਚੰਡੀਗੜ੍ਹ ਦੀਆਂ ਵੱਖ-ਵੱਖ ਖੇਡਾਂ ਦੇ 700 ਦੇ ਕਰੀਬ ਖਿਡਾਰੀ ਆਪਣੇ ਕੋਚਾਂ ਸਮੇਤ ਹਾਜ਼ਰ ਸਨ। ਇਸ ਮੌਕੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ) ਅਤੇ ਚੰਡੀਗੜ੍ਹ ਫੈਡਰੇਸ਼ਨ ਆਫ ਹਾਕੀ ਐਸੋਸੀਏਸ਼ਨ (ਸੀਐਫਐਚਏ-42) ਵਿਚਕਾਰ ਪ੍ਰਦਰਸ਼ਨੀ ਹਾਕੀ ਮੈਚ ਖੇਡਿਆ ਗਿਆ। ਸੀਐਫਐਚਏ-42 ਨੇ ਇਹ ਮੈਚ 3-1 ਨਾਲ ਜਿੱਤ ਲਿਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.