ਪੰਜਾਬ ਨੂੰ ਖੇਡ ਨਕਸ਼ੇ ਉਤੇ ਉਭਾਰਨ ਵਿੱਚ ਅਹਿਮ ਰੋਲ ਨਿਭਾਉਣਗੀਆਂ ਨਵੀਆਂ ਖੇਡ ਨਰਸਰੀਆਂ: ਮੀਤ ਹੇਅਰ

Global Team
3 Min Read

ਚੰਡੀਗੜ੍ਹ: ਪੰਜਾਬ ਨੂੰ ਖੇਡ ਨਕਸ਼ੇ ਉਤੇ ਮੁੜ ਉਭਾਰਨ ਵਿੱਚ ਸੂਬੇ ਵਿੱਚ ਸਥਾਪਤ ਹੋਣ ਜਾ ਰਹੀਆਂ ਨਵੀਆਂ ਖੇਡ ਨਰਸਰੀਆਂ ਅਹਿਮ ਰੋਲ ਨਿਭਾਉਣਗੀਆਂ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਬਣਾਈ ਗਈ ਨਵੀਂ ਖੇਡ ਨੀਤੀ ਤਹਿਤ ਬਣਨ ਵਾਲੀਆਂ 1000 ਨਰਸਰੀਆਂ ਨੂੰ ਸਥਾਪਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ 1000 ਖੇਡ ਨਰਸਰੀਆਂ ਵਿੱਚੋਂ 205 ਖੇਡ ਨਰਸਰੀਆਂ ਪਹਿਲੇ ਪੜਾਅ ਵਿੱਚ ਸਥਾਪਤ ਕੀਤੀਆਂ ਜਾਣ ਵਾਲੀਆਂ ਹਨ। 14 ਖੇਡਾਂ ਦੀਆਂ 205 ਨਰਸਰੀਆਂ ਲਈ 21 ਸੁਪਰਵਾਈਜ਼ਰਾਂ ਅਤੇ 205 ਕੋਚਾਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਡ ਨਰਸਰੀਆਂ ਦੀ ਸਥਾਪਨਾ ਨਾਲ ਖੇਡਾਂ ਦਾ ਪੱਧਰ ਜ਼ਮੀਨੀ ਪੱਧਰ ’ਤੇ ਉੱਚਾ ਉਠੇਗਾ। ਇਕ ਖੇਡ ਨਰਸਰੀ ਲਈ ਖੇਡ ਵਿਭਾਗ ਵੱਲੋਂ ਕੋਚ ਦੀ ਸਹੂਲਤ ਤੋਂ ਇਲਾਵਾ 60 ਖਿਡਾਰੀਆਂ ਨੂੰ 50 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਡਾਈਟ ਦਿੱਤੀ ਜਾਵੇਗੀ।

ਖੇਡ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਸੁਪਰਵਾਈਜ਼ਰਾਂ ਤੇ 205 ਕੋਚਾਂ ਦੀ ਭਰਤੀ ਲਈ 25 ਫਰਵਰੀ ਤੱਕ ਬਿਨੈ ਪੱਤਰ ਮੰਗੇ ਗਏ ਹਨ। ਕੋਚਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ 14 ਖੇਡਾਂ ਵਿੱਚੋਂ ਅਥਲੈਟਿਕਸ ਲਈ 58, ਫੁਟਬਾਲ ਲਈ 48, ਵਾਲੀਬਾਲ ਲਈ 35, ਹਾਕੀ ਲਈ 22, ਕਬੱਡੀ ਲਈ 12, ਹੈਂਡਬਾਲ ਲਈ 9, ਕੁਸ਼ਤੀ ਲਈ 7, ਖੋ ਖੋ ਤੇ ਬਾਸਕਟਬਾਲ ਲਈ 4-4, ਵੇਟਲਿਫਟਿੰਗ ਲਈ 2 ਅਤੇ ਮੁੱਕੇਬਾਜ਼ੀ, ਤਲਵਾਰਬਾਜ਼ੀ, ਕਿੱਕ ਬਾਕਸਿੰਗ ਤੇ ਨੈਟਬਾਲ ਲਈ 1-1 ਕੋਚ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਹੋਰ ਨਰਸਰੀਆਂ ਦੀ ਸਥਾਪਨਾ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਬਾਕੀ ਰਹਿੰਦੀਆਂ ਖੇਡਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।

ਮੀਤ ਹੇਅਰ ਨੇ ਦੱਸਿਆ ਕਿ ਨਵੀਂ ਖੇਡ ਨੀਤੀ ਦਾ ਨਿਵੇਕਲਾ ਪੱਖ ਖੇਡ ਨਰਸਰੀਆਂ ਦੀ ਸਥਾਪਨਾ ਸੀ ਜਿਸ ਨਾਲ ਹੇਠਲੇ ਪੱਧਰ ਉਤੇ ਖਿਡਾਰੀਆ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਬਿਨੈ ਪੱਤਰ ਦੇਣ ਲਈ ਸੁਪਰਵਾਈਜ਼ਰ ਲਈ ਉਮਰ 18 ਤੋਂ 45 ਸਾਲ ਅਤੇ ਕੋਚ ਲਈ 18 ਤੋਂ 37 ਸਾਲ ਰੱਖੀ ਗਈ ਹੈ। ਸੁਪਰਵਾਈਜ਼ਰ ਨੂੰ ਉੱਕਾ ਪੁੱਕਾ 50000 ਰੁਪਏ ਪ੍ਰਤੀ ਮਹੀਨਾ ਅਤੇ ਕੋਚ ਨੂੰ 25000 ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਦਿੱਤਾ ਜਾਵੇਗਾ। ਹੋਰ ਵਧੇਰੇ ਜਾਣਕਾਰੀ ਅਤੇ ਭਰਤੀ ਲਈ ਯੋਗਤਾ ਆਦਿ ਬਾਰੇ ਵੇਰਵੇ ਵਿਭਾਗ ਦੀ ਵੈਬਸਾਈਟ www.pbsports.punjab.gov.in ਉਪਰ ਦੇਖੇ ਜਾ ਸਕਦੇ ਹਨ।

Share This Article
Leave a Comment