ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਦੀ ਸੱਤਾ ‘ਤੇ ਮੁੜ ਤੋਂ ਕਾਬਜ਼ ਹੋਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਡਾ ਸਿਆਸੀ ਫੈਸਲਾ ਲੈ ਚੁੱਕਾ ਹੈ । ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ ਭਲਕੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਸਿਆਸੀ ਸਮੀਕਰਣ ਸਾਹਮਣੇ ਆ ਸਕਦਾ ਹੈ, ਇਹ ਹੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ SAD (BADAL) ਅਤੇ ਬੀ ਐਸ ਪੀ (BSP) ਵਿਚਾਲੇ ਗਠਜੋਡ਼ ਨੂੰ ਲੈ ਕੇ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਕਿਸੇ ਸਮੇਂ ਕਾਂਗਰਸ ਨਾਲ ਰਹੀਆਂ ਸੀਪੀਆਈ-ਸੀਪੀਐਮ ਵੀ ਇਸ ਗਠਜੋੜ ਦਾ ਹਿੱਸਾ ਬਣਨ ਜਾ ਰਹੀਆਂ ਹਨ। ਕਈ ਬਿੰਦੁਆਂ ‘ਤੇ ਚਰਚਾ ਕੀਤੇ ਜਾਣ ਤੋਂ ਬਾਅਦ ਗਠਜੋੜ ਲਈ ਇੱਕ ਫਾਰਮੂਲਾ ਵੀ ਤੈਅ ਹੋ ਚੁੱਕਾ ਹੈ।
ਫਾਰਮੂਲਾ ਹੈ : 94+18+5
ਇਸ ਸਮਝੌਤੇ ਤਹਿਤ ਸ਼੍ਰੋਮਣੀ ਅਕਾਲੀ ਦਲ 94, ਬਸਪਾ 18 ਅਤੇ 5 ਸੀਟਾਂ ‘ਤੇ ਸੀਪੀਆਈ-ਸੀਪੀਐਮ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਖੜੇ ਕਰਨਗੇ। ਹਲਕਿਆਂ ਬਾਰੇ ਵੀ ਤਕਰੀਬਨ ਸਹਿਮਤੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗਠਜੋੜ ਨੂੰ ਲੈ ਕੇ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ, ਪਰ ਕਿਸੇ ਨਾ ਕਿਸੇ ਮੁੱਦੇ ‘ਤੇ ਅੰਤਿਮ ਸਹਿਮਤੀ ਨਹੀਂ ਬਣ ਸਕੀ ਸੀ।