ਨਿਊ ਜਰਸੀ ਸਿੱਖ ਗੁਰਦੁਆਰਾ ਕੌਂਸਲ ਨੇ ਅਫਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਗੁਰੂਘਰ ‘ਤੇ ਹੋਏ ਹਮਲੇ ਦੀ ਕੀਤੀ ਸਖਤ ਨਿਖੇਧੀ

TeamGlobalPunjab
2 Min Read

ਨਿਊ ਜਰਸੀ : ਨਿਊ ਜਰਸੀ ਸਿੱਖ ਗੁਰਦੁਆਰਾ ਕੌਂਸਲ ਨੇ ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਵਿੱਚ ਕੁਝ ਬੰਦੂਕਧਾਰੀਆਂ ਵੱਲੋਂ ਕੀਤੇ ਹਮਲੇ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ।

ਗੁਰਦੁਆਰਾ ਕੌਂਸਲ ਨੇ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਅਣਪਛਾਤੇ ਅਨਸਰ ਜੋ ਕਿ ਪੁਲੀਸ ਦੇ ਭੇਸ ‘ਚ ਸਨ , ਵੱਲੋਂ ਗੁਰੂਘਰ ‘ਚ ਹੋਏ ਇਕੱਠ ‘ਤੇ ਕੀਤੀ ਗਈ ਗੋਲੀਬਾਰੀ ਨਾਲ 25 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਸ ਹਮਲੇ ਦੌਰਾਨ ਗੁਰਦੁਆਰਾ ਅੰਦਰ ਬੱਚੇ, ਔਰਤਾਂ ਵੀ ਸਨ ਤੇ ਕਾਬੁਲ ਸਥਿਤ ਇਹ ਗੁਰਦੁਆਰਾ ਪਿਛਲੇ 40 ਵਰ੍ਹਿਆਂ ਤੋਂ ਸਿੱਖਾਂ ‘ਤੇ ਹੋ ਰਹੇ ਲਗਾਤਾਰ ਹਮਲਿਆਂ ਦੀ ਵਜ੍ਹਾ ਕਾਰਨ ਉਹਨਾਂ ਦੇ ਓਟ ਆਸਰੇ ਦਾ ਸਥਾਨ ਵੀ ਹੈ। ਅਫਗਾਨਿਸਤਾਨ ‘ਚ ਸਿੱਖ ਅਫਗਾਨ ਭਾਈਚਾਰੇ ਨਾਲ ਮਿਲਜੁਲ ਕੇ ਉਥੇ ਰਹਿ ਰਹੇ ਹਨ ਤੇ ਇਸ ਦੇ ਨਾਲ ਹੀ ਆਪਣੇ ਧਰਮ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਇਸ ਦੇ ਨਾਲ ਹੀ ਅਫਗਾਨਿਸਤਾਨ ਦੇ ਸਿੱਖ ਆਪਣੇ ਧਰਮ ਦੇ ਲੋਕਾਂ ‘ਤੇ ਹੋ ਰਹੇ ਹਮਲਿਆਂ ਦਾ ਪੁਰਜ਼ੋਰ ਵਿਰੋਧ ਵੀ ਕਰਦੇ ਰਹੇ ਹਨ।

ਪ੍ਰੈਸ ਰਿਲੀਜ਼ ਚ ਅੱਗੇ ਕਿਹਾ ਕਿ ਗੁਰਦੁਆਰੇ ਤੇ ਮਾਸੂਮ ਸਿੱਖਾਂ ‘ਤੇ ਕੀਤੇ ਹਮਲੇ ਦੀ ਜਿੰਮੇਵਾਰੀ ਇਸਲਾਮੀ ਗਰੁੱਪ ਨੇ ਆਪਣੇ ‘ਤੇ ਲਈ ਹੈ।

ਨਿਊ ਜਰਸੀ ਸਿੱਖ ਗੁਰਦੁਆਰਾ ਕੌਂਸਲ ਤੇ ਸਿੱਖ ਸੰਗਤ ਹਮਲੇ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਦੇ ਨਾਲ ਉਨ੍ਹਾਂ ਦੇ ਦੁੱਖ ‘ਚ ਸ਼ਾਮਿਲ ਹਨ ਤੇ ਕੌਂਸਲ ਨੇ ਦੁਨੀਆਂ ਭਰ ਦੀਆਂ ਸਿੱਖ ਜੱਥੇਬੰਦੀਆਂ ਨੂੰ ਗੁਜ਼ਾਰਿਸ਼ ਵੀ ਕੀਤੀ ਕਿ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਲਈ ਅੱਗੇ ਵੀ ਆਉਣ ਤੇ ਇਸ ਦੇ ਨਾਲ ਹੀ ਹਮਲੇ ਦੀ ਵਿਰੋਧਤਾ ਵੀ ਕਰਨ।

- Advertisement -

ਕੌਂਸਲ ਨੇ ਵਿਸ਼ਵ ਦੀਆਂ ਜਥੇਬੰਦੀਆਂ, ਨਾਟੋ (NATO) ਤੇ ਯੂਨਾਈਟਿਡ ਨੇਸ਼ਨ (UNO)  ਨੂੰ ਇਸ ਹੋਏ ਹਮਲੇ ਤੋਂ ਬਾਅਦ ਅਫਗਾਨਿਸਤਾਨ ‘ਚ ਘਟਗਿਣਤੀਆਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ।

ਇਸ ਨੇ ਨਾਲ ਹੀ ਕੌਂਸਲ ਨੇ ਅਮਰੀਕੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹਮਲੇ ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਦੀ ਮਦਦ ਕਰਨ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰੇ। ਅੱਗੇ ਕਿਹਾ ਕਿ ਕਿਉਂਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਨੂੰ ਮਾਲੀ ਅਤੇ ਫੌਜੀ ਮਦਦ ਦਿੱਤੀ ਜਾ ਰਹੀ ਹੈ ਇਸ ਕਰਕੇ ਅਮਰੀਕੀ ਸਰਕਾਰ ਉੱਥੇ ਰਹਿ ਰਹੀਆਂ ਘੱਟਗਿਣਤੀ ਕੌਮਾਂ ਦੀ ਸੁਰੱਖਿਆ ਦੇ ਮਾਮਲੇ ‘ਚ ਅਫਗਾਨਿਸਤਾਨ ਸਰਕਾਰ ‘ਤੇ ਦਬਾਅ ਬਣਾ ਸਕਦੀ ਹੈ।

Share this Article
Leave a comment