ਮੁੰਬਈ: ਕੋਰੋਨਾ ਵਾਇਰਸ ਦੀ ਰਫ਼ਤਾਰ ਜਿੱਥੇ ਇੱਕ ਪਾਸੇ ਹੌਲੀ ਹੁੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਹੁਣ ਬ੍ਰਿਟੇਨ ‘ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੇ ਲੋਕਾਂ ਅਤੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਇਸ ਨਵੇਂ ਖ਼ਤਰਨਾਕ ਸਟ੍ਰੇਨ ਤੋਂ ਬਚੇ ਮਹਾਰਾਸ਼ਟਰ ਵਿੱਚ ਵੀ ਇਸ ਦੀ ਐਂਟਰੀ ਹੋ ਚੁੱਕੀ ਹੈ। ਸੋਮਵਾਰ ਨੂੰ ਯੂਕੇ ਤੋਂ ਪਰਤੇ ਅੱਠ ਮੁਸਾਫ਼ਰਾਂ ਦੀ ਕੋਵਿਡ ਰਿਪੋਰਟ ‘ਚ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ ਹੈ।
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਅੱਜ ਮੁੰਬਈ ‘ਚ ਬ੍ਰਿਟੇਨ ਤੋਂ ਆਏ 8 ਲੋਕਾਂ ਚ ਕੋਰੋਨਾ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ। ਜਿਨ੍ਹਾਂ ‘ਚੋਂ ਪੰਜ ਲੋਕ ਮੁੰਬਈ ਤੋਂ ਹਨ ਅਤੇ 1-1 ਪੁਣੇ, ਠਾਣੇ ਅਤੇ ਮੀਰਾ ਭਾਇੰਦਰ ਦਾ ਹੈ ਹੁਣ ਇਨ੍ਹਾਂ ਮਰੀਜ਼ਾਂ ਦੇ ਸੰਪਰਕ ‘ਚ ਆਏ ਲੋਕਾਂ ਦੀ ਟਰੇਸਿੰਗ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਮਹਾਰਾਸ਼ਟਰ ਸਰਕਾਰ ਪਹਿਲਾਂ ਹੀ ਸੂਬੇ ਵਿਚ 31 ਜਨਵਰੀ ਤੱਕ ਲਾਕਡਾਊਨ ਵਧਾ ਚੁੱਕੀ ਹੈ। ਸਰਕਾਰ ਨੇ ਮਹਾਂਮਾਰੀ ਅਤੇ ਆਪਦਾ ਪ੍ਰਬੰਧਨ ਐਕਟ ਦੇ ਤਹਿਤ 31 ਜਨਵਰੀ ਤੱਕ ਲਾਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ।