ਚੰਡੀਗੜ੍ਹ: ਦੇਸ਼ ਦੇ ਸਭ ਤੋਂ ਚੰਗੇ ਮੈਡੀਕਲ ਸੰਸਥਾਨਾਂ ‘ਚ ਸ਼ਾਮਲ ਪੀਜੀਆਈ ਚੰਡੀਗੜ੍ਹ ਵਿੱਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੀਜੀਆਈ ਵਿੱਚ 24 ਹਫਤੇ ਦੇ ਇੱਕ ਜ਼ਿੰਦਾ ਨਵਜੰਮੇ ਬੱਚੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੋਸਟਮਾਰਟਮ ਹਾਉਸ ਦੇ ਕਰਮਚਾਰੀ ਨੇ ਜਦੋਂ ਬੱਚੇ ਨੂੰ ਵੇਖਿਆ ਤਾਂ ਉਸਦੇ ਸਾਹ ਚੱਲ ਰਹੇ ਸਨ ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਗਾਇਨੀ ਡਿਪਾਰਟਮੈਂਟ ਨੂੰ ਦਿੱਤੀ ਗਈ। ਇਸ ਤੋਂ ਬਾਅਦ ਲਗਭਗ 12 ਘੰਟੇ ਤੱਕ ਉਸ ਦੇ ਸਾਹ ਚੱਲੇ ਤੇ ਫਿਰ ਦਮ ਤੋੜ ਦਿੱਤਾ।
ਪੀਜੀਆਈ ਦੇ ਕਾਰਜਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ, ਜਿਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਬੱਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ ।
ਨਵਾਂਗਾਓ ਦਸਮੇਸ਼ ਨਗਰ ਦੇ ਵਸਨੀਕ ਸੰਤੋਸ਼ ਕੁਮਾਰ ਨੇ ਦੱਸਿਆ ਕਿ, ਉਸ ਦੀ ਪੰਜ ਮਹੀਨੇ ਦੀ ਗਰਭਵਤੀ ਪਤਨੀ ਦਾ ਸੈਕਟਰ -45 ਦੀ ਡਿਸਪੈਂਸਰੀ ਵਿੱਚ ਇਲਾਜ ਚੱਲ ਰਿਹਾ ਸੀ। ਪੀਜੀਆਈ ਵਿਖੇ ਜਾਂਚ ਕਰਨ ਤੇ ਸਾਹਮਣੇ ਆਇਆ ਕਿ, ਬੱਚੇ ਨੂੰ ਰੀੜ੍ਹ ਦੀ ਹੱਡੀ ਦੀ ਬਿਮਾਰੀ ਹੈ। ਜਨਮ ਲੈਣ ਤੋਂ ਬਾਅਦ, ਉਹ ਸਿਰਫ ਦੋ ਤੋਂ ਤਿੰਨ ਸਾਲਾਂ ਲਈ ਜਿਉਂਦਾ ਰਹਿ ਸਕਦਾ ਹੈ।
ਅਜਿਹੇ ਵਿੱਚ, ਡਾਕਟਰਾਂ ਨੇ ਗਰਭਪਾਤ ਦੀ ਸਲਾਹ ਦਿੱਤੀ ਪਰ ਗਰਭ ਅਵਸਥਾ 20 ਹਫ਼ਤਿਆਂ ਤੋਂ ਉਪਰ ਸੀ। ਜਿਸ ਤੋਂ ਬਾਅਦ ਜੋੜੇ ਨੂੰ ਹਾਈ ਕੋਰਟ ਦਾ ਵੀ ਸਹਾਰਾ ਲੈਣਾ ਪਿਆ। ਹਾਈ ਕੋਰਟ ਨੇ ਪੀਜੀਆਈ ਨੂੰ ਇਕ ਪੈਨਲ ਦਾ ਗਠਨ ਕਰਨ ਅਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਪੀਜੀਆਈ ਦੇ ਪੈਨਲ ਨੇ ਵੀ ਗਰਭਪਾਤ ਦੀ ਸਲਾਹ ਦਿੱਤੀ। ਪੀਜੀਆਈ ਦੀ ਸਲਾਹ ਤੋਂ ਬਾਅਦ ਹਾਈ ਕੋਰਟ ਨੇ ਗਰਭਪਾਤ ਦੇ ਆਦੇਸ਼ ਜਾਰੀ ਕੀਤੇ।