ਨੇਪਾਲ ਦੇ ਕਾਠਮੰਡੂ ਵਿੱਚ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡਾ (TIA) ਨੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ 24 ਘੰਟੇ ਬੰਦ ਰਹਿਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਯਾਤਰੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਜਦੋਂ ਬਹੁਤ ਸਾਰੇ ਯਾਤਰੀ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਇਸ ਦੌਰਾਨ, ਆਂਧਰਾ ਪ੍ਰਦੇਸ਼ ਦੇ 144 ਲੋਕਾਂ ਨੂੰ ਕਾਠਮੰਡੂ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਵਿਸ਼ਾਖਾਪਟਨਮ ਅਤੇ ਤਿਰੂਪਤੀ ਸੁਰੱਖਿਅਤ ਢੰਗ ਨਾਲ ਲਿਆਂਦਾ ਗਿਆ। ਆਂਧਰਾ ਦੇ 154 ਹੋਰ ਸੈਲਾਨੀਆਂ ਨੂੰ ਬੋਰਡਿੰਗ ਪਾਸ ਜਾਰੀ ਕੀਤੇ ਗਏ ਹਨ। ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਪਾਨੀਟੈਂਕੀ ਵਿੱਚ, ਭਾਰਤੀ ਨਾਗਰਿਕਾਂ ਨੂੰ ਭਾਰਤ-ਨੇਪਾਲ ਸਰਹੱਦ ਪਾਰ ਕਰਦੇ ਅਤੇ ਘਰ ਵਾਪਿਸ ਆਉਂਦੇ ਹੋਏ ਵੀ ਦੇਖਿਆ ਗਿਆ। ਨੇਪਾਲ ਤੋਂ ਵਾਪਿਸ ਆਏ ਇੱਕ ਭਾਰਤੀ ਨਾਗਰਿਕ ਨੇ ਕਿਹਾ, ਅਸੀਂ ਨੇਪਾਲ ਦੇ ਧੂਲਾਬਾੜੀ ਤੋਂ ਆ ਰਹੇ ਹਾਂ।
ਸੋਮਵਾਰ ਅਤੇ ਮੰਗਲਵਾਰ ਨੂੰ ਭਾਰੀ ਹਿੰਸਾ ਤੋਂ ਬਾਅਦ ਨੇਪਾਲੀ ਰਾਜਧਾਨੀ ਵਿੱਚ ਫੌਜ ਵੱਲੋਂ ਲਗਾਇਆ ਗਿਆ ਕਰਫਿਊ ਵੀਰਵਾਰ ਨੂੰ ਵੀ ਜਾਰੀ ਰਿਹਾ। ਸੈਨਿਕ ਸ਼ਹਿਰ ਦੀਆਂ ਸੁੰਨਸਾਨ ਗਲੀਆਂ ਵਿੱਚ ਗਸ਼ਤ ਕਰਦੇ ਰਹੇ ਅਤੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ। ਇਸ ਦੌਰਾਨ, ਫੌਜ ਨੇ ਕਰਫਿਊ ਤੋਂ ਛੋਟ ਵਾਲੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਦੀ ਜਾਂਚ ਕੀਤੀ। ਨੇਪਾਲੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਕਾਠਮੰਡੂ ਸਮੇਤ ਕਈ ਸ਼ਹਿਰਾਂ ਵਿੱਚ ਲਗਾਇਆ ਗਿਆ ਕਰਫਿਊ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਹੇਗਾ।