ਕਾਠਮੰਡੂ : ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਨੇਪਾਲ ਦੇ ਕਾਠਮੰਡੂ ਨੇੜੇ ਇੱਕ ਬੱਸ ਸੜਕ ਤੋਂ ਲਗਭਗ 100 ਮੀਟਰ ਹੇਠਾਂ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ।
ਕਾਠਮੰਡੂ ਜ਼ਿਲ੍ਹਾ ਪੁਲਿਸ ਰੇਂਜ ਦੇ ਪੁਲਿਸ ਅਧਿਕਾਰੀ ਪਵਨ ਕੁਮਾਰ ਭੱਟਾਰਾਈ ਦੇ ਅਨੁਸਾਰ ਇਹ ਹਾਦਸਾ ਬੀਤੀ ਸ਼ਾਮ ਸ਼ੰਕਰਪੁਰ ਨਗਰਪਾਲਿਕਾ-3 ਦੇ ਲਾਪਸੀਫੇਦੀ ਜੰਗਲ ਖੇਤਰ ਵਿੱਚ ਵਾਪਰਿਆ। ਉਨ੍ਹਾਂ ਕਿਹਾ ਕਿ ਪਿਕਨਿਕ ਤੋਂ ਵਾਪਸ ਆ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਸੜਕ ਤੋਂ ਖੱਡ ਵਿੱਚ ਡਿੱਗ ਗਈ। ਯਾਤਰੀਆਂ ਨਾਲ ਭਰੀ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਲਗਭਗ 100 ਮੀਟਰ ਹੇਠਾਂ ਡੂੰਘੀ ਖੱਡ ਵਿੱਚ ਡਿੱਗੀ। ਇਸ ਦੁਖਦਾਈ ਘਟਨਾ ਵਿੱਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਅਤੇ 22 ਹੋਰ ਗੰਭੀਰ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਦੱਸ ਦਈਏ ਇਹ ਹਾਦਸਾ ਸ਼ਾਮ 5 ਤੋਂ 6 ਵਜੇ ਦੇ ਵਿਚਕਾਰ ਸ਼ੰਕਰਪੁਰ ਨਗਰਪਾਲਿਕਾ ਦੇ ਲਾਪਸੀਫੇਦੀ ਜੰਗਲ ਖੇਤਰ ਵਿੱਚ ਵਾਪਰਿਆ। ਬੱਸ ਵਿੱਚ ਨੇਚਰ ਹਰਬ ਸੰਗਠਨ ਦੇ ਲਗਭਗ 40 ਕਰਮਚਾਰੀ ਸਵਾਰ ਸਨ, ਜੋ ਪਿਕਨਿਕ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਡਰਾਈਵਰ ਨੇ ਅਚਾਨਕ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਖੱਡ ਵਿੱਚ ਡਿੱਗ ਗਈ, ਜਿਸ ਨਾਲ ਆਸ ਪਾਸ ਦੇ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਘਟਨਾ ਸਥਾਨ ‘ਤੇ ਵੱਡੀ ਭੀੜ ਇਕੱਠੀ ਹੋ ਗਈ।
ਪੁਲਿਸ ਬੁਲਾਰੇ ਭੱਟਾਰਾਈ ਨੇ ਪੁਸ਼ਟੀ ਕੀਤੀ ਕਿ ਜ਼ਖਮੀਆਂ ਨੂੰ ਸ਼ੰਕਰਪੁਰ ਹਸਪਤਾਲ, ਨੇਪਾਲ ਮੈਡੀਕਲ ਕਾਲਜ ਅਤੇ ਮੂਲਪਾਣੀ ਮਿਊਂਸੀਪਲ ਹਸਪਤਾਲ ਸਮੇਤ ਵੱਖ-ਵੱਖ ਕੇਂਦਰਾਂ ਵਿੱਚ ਭੇਜਿਆ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ। ਬਚਾਅ ਟੀਮਾਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਬੱਸ ਦੇ ਮਲਬੇ ਵਿੱਚੋਂ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

