ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਪਰਿਵਾਰ ਅੱਜ ਕੱਲ੍ਹ ਕਾਫੀ ਲਾਪਰਵਾਹ ਹੋ ਗਿਆ ਲੱਗਦਾ ਹੈ। ਇਸ ਅਣਗਹਿਲੀ ਦਾ ਕਈ ਵਾਰ ਗੰਭੀਰ ਖਮਿਆਜ਼ਾ ਭੁਗਤਣਾ ਪੈ ਜਾਂਦਾ ਹੈ। ਮਾਸੂਮ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਸ ਨੇ ਕਿਥੇ ਬੈਠਣਾ ਕਿਧਰ ਤੇ ਕਿਸ ਨਾਲ ਜਾਣਾ ਹੁੰਦਾ ਹੈ। ਉਸ ਨੂੰ ਕੇਵਲ ਆਪਣੀ ਮਾਂ ਦੀ ਪਛਾਣ ਹੁੰਦੀ ਹੈ। ਬਾਕੀ ਪਰਿਵਾਰ ਦੇ ਮੈਂਬਰਾਂ ਦੀ ਪਛਾਣ ਉਸ ਨੂੰ ਉਮਰ ਵਧਣ ਨਾਲ ਹੁੰਦੀ ਹੈ। ਦੋ ਸਾਲ ਦੇ ਬੱਚੇ ਨੂੰ ਕੋਈ ਵੀ ਉਂਗਲ ਫੜਾ ਕੇ ਲਿਜਾ ਸਕਦਾ ਹੈ। ਇਸੇ ਤਰ੍ਹਾਂ ਅਣਗਹਿਲੀ ਸਮਝੋ ਜਾਂ ਲਾਪ੍ਰਵਾਹੀ ਕਾਰਨ ਇਕ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਕਿ ਦੋ ਸਾਲ ਦੇ ਬੱਚੇ ਦੀ ਲਾਸ਼ ਇਕ ਵਾਸ਼ਿੰਗ ਮਸ਼ੀਨ ਵਿਚੋਂ ਮਿਲੀ।
ਰਿਪੋਰਟਾਂ ਮੁਤਾਬਿਕ ਕਪੂਰਥਲਾ ਨੇੜੇ ਪਿੰਡ ਖੱਖੜੀਆਂ ਵਿੱਚ ਇਕ ਦੋ ਸਾਲ ਦੇ ਬੱਚੇ ਦੀ ਲਾਸ਼ ਵਾਸ਼ਿੰਗ ਮਸ਼ੀਨ ਦੇ ਕੱਪੜੇ ਸੁਕਾਉਣ ਵਾਲੇ ਡ੍ਰਾਇਰ ਵਿਚੋਂ ਮਿਲੀ। ਦੋ ਬੱਚਿਆਂ ਦੀ ਮਾਂ ਸੁਨੀਤਾ ਆਪਣੇ ਭਰਾ ਦੇ ਵਿਆਹ ਲਈ ਬੱਚਿਆਂ ਗੁਰਨੂਰ ਅਤੇ ਅਧਿਰਾਜ ਨੂੰ ਲੈ ਕੇ ਆਪਣੇ ਪੇਕੇ ਚਾਰ ਕੁ ਦਿਨ ਪਹਿਲਾਂ ਹੀ ਆਈ ਸੀ। 17 ਦਸੰਬਰ ਨੂੰ ਵਿਹੜੇ ਵਿੱਚ ਬੱਚਿਆਂ ਨਾਲ ਖੇਡਦਾ ਹੋਇਆ ਅਧਿਰਾਜ ਅਚਾਨਕ ਲਾਪਤਾ ਹੋ ਗਿਆ। ਪਤਾ ਲੱਗਣ ‘ਤੇ ਪਰਿਵਾਰ ਦੇ ਸਾਰੇ ਮੈਂਬਰਾਂ ਵਿੱਚ ਅਫਰਾ ਤਫਰੀ ਮਚ ਗਈ। ਸਾਰੇ ਆਂਢ ਗੁਆਂਢ ਵਿਚ ਲੱਭਣ ਲੱਗ ਪਏ। ਅਧਿਰਾਜ ਦੀ ਮਾਂ ਰੋਣ ਕੁਰਲਾਉਣ ਲੱਗ ਪਈ। ਇਸੇ ਦੌਰਾਨ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਫਰੀਦ ਸਰਾਏ ਦੇ ਬੱਚੇ ਅਧਿਰਾਜ ਦੇ ਪਿਤਾ ਰਣਜੀਤ ਸਿੰਘ ਜੋ ਜਲੰਧਰ ਕਿਸੇ ਬਿਲਡਰ ਕੋਲ ਕੰਮ ਕਰਦਾ, ਵੀ ਪਹੁੰਚ ਗਿਆ। ਪੜਤਾਲ ਕਰਨ ਅਤੇ ਸੀ ਸੀ ਟੀ ਵੀ ਕਮਰਿਆਂ ਦੀ ਫੁਟੇਜ ਘੋਖਣ ‘ਤੇ ਪਤਾ ਲਗਾ ਕਿ ਖੇਡਦੇ ਖੇਡਦੇ ਤਿੰਨ ਬੱਚੇ ਗੁਆਂਢੀਆਂ ਦੇ ਘਰ ਵੱਲ ਗਏ ਪਰ ਵਾਪਿਸ ਮੁੜਦੇ ਦੋ ਹੀ ਦਿਖਾਈ ਦੇ ਰਹੇ ਹਨ। ਸਾਰਿਆਂ ਨੇ ਕੋਨਾ ਕੋਨਾ ਛਾਣ ਦਿੱਤਾ। ਰਣਜੀਤ ਸਿੰਘ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਲਾ ਦੁਆਲਾ ਦੇਖ ਰਹੇ ਸੀ ਤਾਂ ਇਕ ਕੋਨੇ ਵਿਚ ਪਈ ਵਾਸ਼ਿੰਗ ਮਸ਼ੀਨ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਵਿੱਚ ਬੱਚੇ ਦੀ ਲਾਸ਼ ਪਈ ਸੀ। ਉਸ ਦਾ ਕਹਿਣਾ ਹੈ ਕਿ ਇਹ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਬੱਚੇ ਨੂੰ ਝਰੀਟ ਤਕ ਨਹੀਂ ਆਈ ਹੋਈ ਫੇਰ ਬੱਚੇ ਅਧਿਰਾਜ ਦੀ ਮੌਤ ਕਿਵੇਂ ਹੋ ਗਈ।
ਰਿਪੋਰਟਾਂ ਅਨੁਸਾਰ ਕੋਤਵਾਲੀ ਪੁਲਿਸ ਸਟੇਸ਼ਨ ਦੇ ਐੱਸ ਐੱਚ ਓ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਗੁਆਂਢੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਖ਼ਬਰ ਦੀ ਘਰ ਘਰ ਚਰਚਾ ਹੋ ਰਹੀ ਹੈ ਤੇ ਮਾਸੂਮਾਂ ਦੀਆਂ ਮਾਵਾਂ ਦੇ ਦਿਲਾਂ ‘ਚ ਸਹਿਮ ਹੈ।
ਰਿਪੋਰਟ : ਅਵਤਾਰ ਸਿੰਘ