ਨਵੀਂ ਦਿੱਲੀ: ਨੀਟ ਯੂਜੀ ਰੀ-ਪ੍ਰੀਖਿਆ 2026 ਅੱਜ 21 ਜੂਨ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਕਰਵਾਈ ਜਾ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਪ੍ਰੀਖਿਆ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੀਖਿਆ ਦੌਰਾਨ ਕਿਸੇ ਵੀ ਕਿਸਮ ਦੀ ਬੇਨਿਯਮਤਾ ਜਾਂ ਗੜਬੜ ਨੂੰ ਰੋਕਣ ਲਈ ਕਈ ਪੱਧਰਾਂ ‘ਤੇ ਪਹਿਲਾਂ ਤੋਂ ਜਾਂਚ ਅਤੇ ਨਿਗਰਾਨੀ ਦੇ ਇੰਤਜ਼ਾਮ ਕੀਤੇ ਗਏ ਹਨ।
ਇਹ ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ ਤੇ 1:30 ਤੋਂ ਬਾਅਦ ਕਿਸੇ ਨੂੰ ਐਂਟਰੀ ਨਹੀ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੀਆਂ ਹਦਾਇਤਾਂ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ 15 ਮਿੰਟ ਦਾ ਵਾਧੂ ਸਮਾਂ ਵੀ ਦਿੱਤਾ ਜਾਵੇਗਾ। ਏਜੰਸੀ ਦਾ ਕਹਿਣਾ ਹੈ ਕਿ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਸੁਰੱਖਿਆ ਅਤੇ ਨਿਗਰਾਨੀ ਪ੍ਰਬੰਧ ਲਾਗੂ ਕੀਤੇ ਗਏ ਹਨ।
ਸੁਰੱਖਿਆ ਕਦਮਾਂ ਦੇ ਤਹਿਤ ਸਰਕਾਰ ਵੱਲੋਂ ਨੀਟ ਯੂਜੀ ਰੀ-ਪ੍ਰੀਖਿਆ ਖ਼ਤਮ ਹੋਣ ਤੱਕ ਟੈਲੀਗ੍ਰਾਮ ਐਪ ‘ਤੇ ਪਾਬੰਦੀ ਲਗਾਈ ਗਈ ਹੈ। ਅਧਿਕਾਰੀਆਂ ਦੇ ਅਨੁਸਾਰ ਪਿਛਲੀਆਂ ਘਟਨਾਵਾਂ ਵਿੱਚ ਇਸ ਪਲੇਟਫਾਰਮ ਦੀ ਵਰਤੋਂ ਪੇਪਰ ਲੀਕ ਨਾਲ ਜੋੜੀ ਗਈ ਸੀ, ਇਸ ਲਈ ਪ੍ਰੀਖਿਆ ਦੀ ਗੁਪਤਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਇਸ ਵਾਰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਭਾਰਤੀ ਹਵਾਈ ਸੈਨਾ ਦੀ ਮਦਦ ਵੀ ਲਈ ਗਈ ਹੈ। 13 ਜੂਨ ਤੋਂ ਆਈਏਐਫ ਦੇ ਟਰਾਂਸਪੋਰਟ ਜਹਾਜ਼ਾਂ ਅਤੇ Mi-17 ਹੈਲੀਕਾਪਟਰਾਂ ਰਾਹੀਂ ਦੇਸ਼ ਦੇ 18 ਨਿਰਧਾਰਤ ਵੰਡ ਕੇਂਦਰਾਂ ਤੱਕ ਸੀਲਬੰਦ ਪ੍ਰਸ਼ਨ ਪੱਤਰ ਪਹੁੰਚਾਏ ਜਾ ਰਹੇ ਹਨ। ਇਸ ਤੋਂ ਬਾਅਦ ਇਹ ਪ੍ਰਸ਼ਨ ਪੱਤਰ ਸਖ਼ਤ ਸੁਰੱਖਿਆ ਹੇਠ ਪ੍ਰੀਖਿਆ ਕੇਂਦਰਾਂ ਤੱਕ ਭੇਜੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਪ੍ਰਬੰਧ ਦਾ ਮਕਸਦ 21 ਜੂਨ ਦੀ ਰੀ-ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰਾਂ ਦੀ ਸੁਰੱਖਿਅਤ ਅਤੇ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਉਣਾ ਹੈ।
ਐਨਟੀਏ ਮੁਤਾਬਕ ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ ‘ਤੇ ਕੁੱਲ 13,560 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਦੀ ਨਿਗਰਾਨੀ ਰਾਸ਼ਟਰੀ, ਰਾਜ ਅਤੇ ਮੰਤਰਾਲਾ ਪੱਧਰ ‘ਤੇ ਕੀਤੀ ਜਾਵੇਗੀ। ਇਸ ਦੇ ਨਾਲ ਇਲੈਕਟ੍ਰਾਨਿਕ ਹੇਰਾਫੇਰੀ ਜਾਂ ਧੋਖਾਧੜੀ ਨੂੰ ਰੋਕਣ ਲਈ 51,311 ਜੈਮਰ ਵੀ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 17,054 ਜੈਮਰ ECIL ਵੱਲੋਂ ਅਤੇ 34,257 ਜੈਮਰ BEL ਵੱਲੋਂ ਉਪਲਬਧ ਕਰਵਾਏ ਗਏ ਹਨ।

