ਮੋਗਾ: ਖੇਤੀ ਕਾਨੂੰਨ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਅਕਤੂਬਰ ਨੂੰ ਕਿਸਾਨ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਦੇ ਲਈ ਮੋਗਾ ਪਹੁੰਚੇ। ਇੱਥੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਚੋਂ ਤਿੰਨ ਸੌ ਤਿੰਨ ਸੌ ਟਰੈਕਟਰ ਕਾਰਾਂ ਗੱਡੀਆਂ ਅਤੇ ਮੋਟਰਸਾਈਕਲ ਤਿਆਰ ਕੀਤੇ ਜਾਣ ਤਾਂ ਜੋ ਮੋਗਾ ਦੀ ਲੀਡਰਸ਼ਿਪ ਕਿਸਾਨ ਮਾਰਚ ਵਿੱਚ ਵੱਡਾ ਯੋਗਦਾਨ ਪਾ ਸਕੇ।
ਕੇਂਦਰ ਸਰਕਾਰ ਤੇ ਵਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਨਡੀਏ ਬੀਜੇਪੀ ਨੇ ਨਹੀਂ ਬਣਾਇਆ ਇਸ ਨੂੰ ਅਕਾਲੀ ਦਲ ਨੇ ਗਠਿਤ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਨਡੀਏ ਦਾ ਗਠਨ ਉਸ ਸਮੇਂ ਕੀਤਾ ਗਿਆ ਸੀ ਜਦੋਂ ਬੀਜੇਪੀ ਦੇ ਦੇਸ਼ ਵਿੱਚ ਸਿਰਫ ਦੋ ਹੀ ਐੱਮਪੀ ਹੁੰਦੇ ਸਨ।
ਸ਼੍ਰੋਮਣੀ ਅਕਾਲੀ ਦਲ ਇੱਕ ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਮਾਰਚ ਕੱਢੇਗਾ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਦਾ ਕਾਫਲਾ ਚੰਡੀਗੜ੍ਹ ਪਹੁੰਚੇਗਾ ਅਤੇ ਗਵਰਨਰ ਦੀ ਰਿਹਾਇਸ਼ ਦਾ ਘਿਰਾਓ ਕਰੇਗਾ।