‘ਟਵਿੱਟਰ ਇੰਡੀਆ’ ਖ਼ਿਲਾਫ਼ ਰਾਸ਼ਟਰੀ ਮਹਿਲਾ ਕਮਿਸ਼ਨ ਦਾ ਐਕਸ਼ਨ, ਹਫ਼ਤੇ ਅੰਦਰ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਨਿਰਦੇਸ਼

TeamGlobalPunjab
2 Min Read

ਨਵੀਂ ਦਿੱਲੀ : ਚਾਈਲਡ ਪੋਰਨੋਗ੍ਰਾਫੀ ਮੁੱਦੇ ‘ਤੇ ਟਵਿੱਟਰ ਇੰਡਿਆ ਦੀਆਂ ਮੁਸੀਬਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਕੇਂਦਰ ਸਰਕਾਰ ਦੀ ਟੇਢੀ ਅੱਖ ਤੋਂ ਬਾਅਦ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ। ਮਹਿਲਾ ਕਮਿਸ਼ਨ ਨੇ ਟਵਿੱਟਰ ‘ਤੇ ਪੋਰਨੋਗ੍ਰਾਫੀ ਬਾਰੇ ਇਹ ਕਾਰਵਾਈ ਆਪਣੇ ਆਪ ਕੀਤੀ ਹੈ ਅਤੇ ਟਵਿੱਟਰ ਨੂੰ ਇੱਕ ਹਫ਼ਤੇ ਦੇ ਅੰਦਰ ਇਸ ਸਬੰਧੀ ਠੋਸ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਟਵਿੱਟਰ ਤੇ ਮੌਜੂਦ ਅਸ਼ਲੀਲ ਸਮੱਗਰੀ ਨੂੰ ਹਟਾ ਦੇਵੇ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਕਮਿਸ਼ਨਰ ਆਫ਼ ਪੁਲਿਸ, ਦਿੱਲੀ ਨੂੰ ਵੀ ਪੱਤਰ ਲਿਖ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਠੋਸ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮਹਿਲਾ ਕਮਿਸ਼ਨ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਇਸ ਸੰਬੰਧ ਵਿੱਚ ਪਹਿਲਾਂ ਹੀ ਇਕ ਸ਼ਿਕਾਇਤ ਪੁਲਿਸ ਕੋਲ ਦਰਜ਼ ਕਰਵਾਈ ਜਾ ਚੁੱਕੀ ਹੈ, ਬਾਵਜੂਦ ਇਸਦੇ ਟਵਿੱਟਰ ਵੱਲੋਂ ਅਸ਼ਲੀਲ ਸਮੱਗਰੀ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਧਰ ਵਧਦੇ ਦਬਾਅ ਤੋਂ ਬਾਅਦ ਹੁਣ ਟਵਿੱਟਰ ਇੰਡੀਆ ਨੇ ਵੀ ਬਿਆਨ ਜਾਰੀ ਕਰਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਟਵਿੱਟਰ ਇੰਡੀਆ ਦੇ ਬੁਲਾਰੇ ਦਾ ਕਹਿਣਾ ਹੈ ਕਿ ਚਾਈਲਡ ਪੋਰਨੋਗ੍ਰਾਫੀ ‘ਤੇ ਉਸ ਦੀ ਜ਼ੀਰੋ ਟੌਲਰੈਂਸ ਨੀਤੀ ਹੈ। ਅਸੀਂ ਅਜਿਹੀ ਸਮੱਗਰੀ ਨੂੰ ਹਟਾਉਣ ਲਈ ਕਦਮ ਚੁੱਕ ਰਹੇ ਹਾਂ । ਇਸ ਨਾਲ ਨਿਪਟਣ ਵਾਸਤੇ ਅਸੀਂ ਭਾਰਤੀ ਕਾਨੂੰਨ ਤੇ ਅਮਲ ਅਤੇ ਐਨਜੀਓ ਭਾਗੀਦਾਰਾਂ ਦੀ ਮਦਦ ਨਾਲ ਕੰਮ ਕਰਾਂਗੇ।

ਕੇਂਦਰ ਦੇ ਸਖ਼ਤ ਸਟੈਂਡ ਤੋਂ ਬਾਅਦ ਭਾਰਤੀ ਕਾਨੂੰਨਾਂ ਨੂੰ ਨਾ ਮੰਨਣ ਕਾਰਨ ਟਵਿੱਟਰ ਦਾ ਭਾਰਤ ਵਿੱਚ ਟਿਕਣਾ ਫ਼ਿਲਹਾਲ ਔਖਾ ਜਾਪ ਰਿਹਾ ਹੈ। ਬੀਤੇ ਕੱਲ੍ਹ ਵੀ ਭਾਰਤ ਦਾ ਗਲਤ ਨਕਸ਼ਾ ਦਿਖਾਉਣ ਕਾਰਨ ਟਵਿੱਟਰ ਇੰਡੀਆ ਦੇ ਐਮ.ਡੀ. ਖਿਲਾਫ ਮਾਮਲਾ ਦਰਜ ਹੋਇਆ ਹੈ । ਹੁਣ ਚਾਈਲਡ ਪੋਰਨੋਗ੍ਰਾਫੀ ਕੰਟੈਂਟ ਕਾਰਨ ਟਵਿੱਟਰ ਖ਼ਿਲਾਫ਼ ਭਾਰਤ ਸਰਕਾਰ ਕੀ ਸਖਤ ਕਦਮ ਚੁੱਕਦੀ ਹੈ ਇਹ ਵੇਖਣਾ ਹੋਵੇਗਾ।

Share This Article
Leave a Comment