ਕਿਸਾਨਾਂ ਦੇ ਸਮਰਥਨ ‘ਚ ਨਵਜੋਤ ਸਿੱਧੂ ਨੇ ਆਪਣੀਆਂ ਰਿਹਾਇਸ਼ਾਂ ’ਤੇ ਲਹਿਰਾਏ ਕਾਲੇ ਝੰਡੇ

TeamGlobalPunjab
2 Min Read

ਪਟਿਆਲਾ: ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀਆਂ ਰਿਹਾਇਸ਼ਾਂ ’ਤੇ ਕਾਲੇ ਝੰਡੇ ਲਹਿਰਾਏ। ਆਪਣੀ ਪਟਿਆਲਾ ਰਿਹਾਇਸ਼ ਵਿਖੇ ਨਵਜੋਤ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਨਾਲ ਮਿਲ ਕੇ ਕਿਸਾਨ ਅੰਦੋਲਨ ਦੇ ਸਮਰਥਨ’ ਚ ਆਪਣੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ। ਉੱਥੇ ਹੀ ਅੰਮ੍ਰਿਤਸਰ ਸਥਿਤ ਰਿਹਾਇਸ਼ ਵਿਖੇ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਨੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਗਾਇਆ।

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ  ਵੀਡੀਓ ਸਾਂਝੀ ਕਰਦਿਆਂ ਕਿਹਾ, ‘ਵਿਰੋਧ ਵੱਜੋਂ ਕਾਲਾ ਝੰਡਾ ਫਹਿਰਾ ਕੇ ਹਰੇਕ ਪੰਜਾਬੀ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ ਕਰੋ।’

ਸਿੱਧੂ ਨੇ ਕਿਹਾ, ‘ਪੰਜਾਬ ਉਡੀਕ ਰਿਹਾ ਹੈ, ਪੰਜਾਬ ਦੀ ਕਿਸਾਨੀ ਉਡੀਕ ਰਹੀ ਹੈ ਕਿ ਕਦੋਂ ਪੰਜਾਬ ਆਪਣੀ ਖ਼ੁਦਮੁਖਤਿਆਰੀ ਦੀ ਰਾਹ ‘ਤੇ ਚੱਲੇਗਾ। ਪਿਛਲੇ 20-25 ਸਾਲਾਂ ਤੋਂ ਕਰਜ਼ਾ ਲਗਾਤਾਰ ਵਧ ਰਿਹਾ ਹੈ, ਆਮਦਨ ਅਤੇ ਉਪਜ ਦੋਵੇਂ ਘਟ ਰਹੇ ਹਨ ਜਿਸ ਕਰਕੇ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਇਆ ਹੈ।’

ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇੱਜਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ। ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਕਿਸਾਨ ਦੇ ਹਾਲਾਤ ਬਦ ਨਾਲੋਂ ਬਦਤਰ ਹੋ ਜਾਣਗੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਾਲਾ ਝੰਡਾ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਅਤੇ ਜਦੋਂ ਤੱਕ ਸਿਸਟਮ ਬਦਲਿਆ ਨਹੀਂ ਜਾਂਦਾ ਉਦੋਂ ਤੱਕ ਇਹ ਕਾਲਾ ਝੰਡਾ ਲਹਿਰਾਉਂਦਾ ਰਹੇਗਾ।

ਦੱਸ ਦਈਏ ਕਿ ਨਵਜੋਤ ਸਿੱਧੂ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਉਹ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਕਾਲੇ ਝੰਡੇ ਲਹਿਰਾਉਣਗੇ।

 

Share This Article
Leave a Comment