ਮਜੀਠੀਆ ‘ਤੇ FIR ਤੋਂ ਬਾਅਦ ਸਿੱਧੂ ਦਾ ਵਾਰ: ਬਾਦਲਾਂ ਨਾਲ ਮਿਲੇ ਹੋਏ ਸਨ ਕੈਪਟਨ, ਇਸ ਲਈ ਨਹੀਂ ਹੋਈ ਸੀ ਕਾਰਵਾਈ

TeamGlobalPunjab
2 Min Read

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਟਵੀਟ ਕਰਕੇ ਕਿਹਾ ਹੈ ਕਿ ਇਮਾਨਦਾਰ ਅਫਸਰਾਂ ਦੇ ਹੱਥ ਵਿੱਚ ਕਮਾਨ ਦੇਣ ਤੋਂ ਬਾਅਦ ਨਤੀਜਾ ਸਾਹਮਣੇ ਆਇਆ ਹੈ। ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨਾਲ ਮਿਲੇ ਹੋਏ ਸਨ, ਇਸ ਲਈ ਕਾਰਵਾਈ ਨਹੀਂ ਹੋਈ ਸੀ।

ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਭ੍ਰਿਸ਼ਟ ਸਿਸਟਮ ਖਿਲਾਫ਼ ਸਾਢੇ ਪੰਜ ਸਾਲ ਦੀ ਲੜਾਈ ਤੇ ਕੈਪਟਨ ਵੱਲੋਂ ਚਾਰ ਸਾਲ ਤੱਕ ਮਜੀਠੀਆ ਖਿਲਾਫ ED ਤੇ STF ਦੀ ਰਿਪੋਰਟ ‘ਤੇ ਕਾਰਵਾਈ ਨਾ ਕਰਨ ਵੱਲ ਇਹ ਪਹਿਲਾ ਕਦਮ ਹੈ। ਆਖ਼ਿਰਕਾਰ ਹੁਣ ਭਰੋਸੇੋਗ ਅਧਿਕਾਰੀਆਂ ਦੇ ਹੱਥ ‘ਚ ਪਾਵਰ ਆਉਣ ‘ਤੇ ਇਹ ਪਹਿਲੀ ਕਾਰਵਾਈ ਹੋਈ ਹੈ।

ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਡਰੱਗ ਸਮੱਗਲਿੰਗ ਦੇ ਮੁੱਖ ਮੁਲਜ਼ਮ ਖਿਲਾਫ਼ ਫਰਵਰੀ 2018 ਦੀ ਐੱਸਟੀਐੱਫ ਦੀ ਰਿਪੋਰਟ ਦੇ ਆਧਾਰ ‘ਤੇ ਕੇਸ ਦਰਜ ਕੀਤਾ ਹੈ। ਮੈਂ ਪਿਛਲੇ ਚਾਰ ਸਾਲ ਤੋਂ ਇਸ ਦੀ ਮੰਗ ਕਰ ਰਿਹਾ ਸੀ। ਇਹ ਉਨ੍ਹਾਂ ਸਾਰੇ ਤਾਕਤਵਰਾਂ ਦੇ ਮੂੰਹ ‘ਤੇ ਚਪੇੜ ਹੈ ਜਿਹੜੇ ਪੰਜਾਬ ਦੀ ਆਤਮਾ ਦੇ ਮੁੱਦੇ ‘ਤੇ ਸਾਲਾਂ ਤੋਂ ਸੁੱਤੇ ਰਹੇ।

ਇਸ ਤੋਂ ਇਲਾਵਾ ਇੱਕ ਹੋਰ ਟਵੀਟ ਉਨ੍ਹਾਂ ਲਿਖਿਆ ਕਿ ਜਦੋਂ ਤਕ ਡਰੱਗ ਮਾਫੀਆ ਦੇ ਮੁੱਖ ਮੁਲਜ਼ਮ ਨੂੰ ਮਿਸਾਲੀ ਸਜ਼ਾ ਨਾ ਮਿਲੇ ਉਦੋਂ ਤਕ ਇਨਸਾਫ਼ ਨਹੀਂ ਮਿਲੇਗਾ। ਸਿੱਧੂ ਨੇ ਕਿਹਾ ਕਿ ਇਹ ਤਾਂ ਬੱਸ ਇਕ ਪਹਿਲਾ ਕਦਮ ਹੈ, ਲੜਾਈ ਉਦੋਂ ਤਕ ਜਾਰੀ ਰੱਖਾਂਗੇ ਜਦੋਂ ਤਕ ਸਜ਼ਾ ਨਹੀਂ ਦਿੱਤੀ ਜਾਂਦੀ।

Share This Article
Leave a Comment