ਮੋਗਾ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਮੋਗਾ ‘ਚ ਕਾਂਗਰਸੀ ਸਟੇਜ਼ ਤੋਂ ਛੱਕੇ ਲਾਉਣ ਤੋਂ ਬਾਅਦ ਹੁਣ ਲੁਧਿਆਣਾ ਆਉਂਦੇ ਆਉਂਦੇ ਆਊਟ ਹੋ ਗਏ ਹਨ। ਪੰਜਾਬ ਕਾਂਗਰਸ ਨੇ ਮੋਗਾ ਤੋਂ ਇਲਾਵਾ ਬਾਕੀ ਰਾਹੁਲ ਗਾਂਧੀ ਦੀ ਸਟੇਜਾਂ ‘ਤੇ ਨਵਜੋਤ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਦਰਅਸਲ ਨਵਜੋਤ ਸਿੱਧੂ ਦੇ ਮੋਗਾ ਵਿੱਚ ਤਲਖ ਤੇਵਰ ਦੇਖਣ ਨੂੰ ਮਿਲੇ ਸਨ। ਜਿਸ ਤੋਂ ਬਾਅਦ ਹੁਣ ਕਾਂਗਰਸ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ।
ਨਵਜੋਤ ਸਿੰਘ ਸਿੱਧੂ ਵੱਲੋਂ ਸਟੇਜ ਉੱਪਰ ਸੁਖਜਿੰਦਰ ਰੰਧਾਵਾ ਨਾਲ ਕੀਤੀ ਗਈ ਬਦਸਲੂਕੀ ਨੂੰ ਦੇਖਦੇ ਹੋਏ ਕਾਂਗਰਸ ਨੇ ਹੁਣ ਅਗਲੇ ਰਾਹੁਲ ਗਾਂਧੀ ਦੇ ਇਵੈਂਟਾਂ ਵਿੱਚ ਸਿੱਧੂ ਨੂੰ ਕੋਈ ਥਾਂ ਨਹੀਂ ਦਿੱਤੀ। ਜਿਸ ਤੋਂ ਸਾਫ ਜ਼ਾਹਰ ਹੈ ਕਿ ਨਵਜੋਤ ਸਿੱਧੂ ਇੱਕ ਵਾਰ ਮੁੜ ਤੋਂ ਕਾਂਗਰਸ ਲਈ ਪਰਾਏ ਹੁੰਦੇ ਦਿਖਾਈ ਦੇ ਰਹੇ ਹਨ।
ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਘੇਰਿਆ ਤਾਂ ਪੰਜਾਬ ਕਾਂਗਰਸ ਨੇ ਸਿੱਧੂ ਤੋਂ ਫਿਰ ਦੂਰੀ ਬਣਾ ਲਈ ਹੈ। ਦੇਖਿਆ ਜਾਵੇ ਤਾਂ ਕਾਂਗਰਸ ਨਵਜੋਤ ਸਿੱਧੂ ਨੂੰ ਜਿੰਨਾ ਆਪਣੇ ਕਰੀਬ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕੈਪਟਨ ਅਮਰਿੰਦਰ ਨਾਲ ਉਨ੍ਹਾਂ ਦੀ ਖਟਾਸ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਨਵਜੋਤ ਸਿੰਘ ਸਿੱਧੂ ਆਪਣੇ ਤਲਖ਼ ਤੇਵਰ ਕਾਰਨ ਕਾਂਗਰਸ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੰਦੇ ਹਨ।