ਸਿਆਸੀ ਨਹੀਂ ਹੁਣ ਕਿਸਾਨੀ ਮੁੱਦਿਆਂ ਦੀ ਗੱਲ ਕਰ ਰਹੇ ਹਨ ਸਿੱਧੂ
ਪਟਿਆਲਾ : ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਨੂੰ ਨਿਬੇੜਣ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਵਾਲੀ ਤਿੰਨ ਮੈਂਬਰੀ ਕਮੇਟੀ ਐਕਟਿਵ ਹੋ ਚੁੱਕੀ ਹੈ, ਅਜਿਹੇ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਸ਼ਾਂਤ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਹੁਣ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਹਨ , ਪਰ ਉਹ ਇਸ ਵੇਲੇ ਕਿਸਾਨੀ ਮੁੱਦੇ ਹੀ ਚੁੱਕ ਰਹੇ ਹਨ। ਅਜਿਹਾ ਸਿੱਧੂ ਆਪਣੇ ਆਪ ਨੂੰ ਲਗਾਤਾਰ ਚਰਚਾ ਵਿਚ ਰੱਖਣ ਲਈ ਕਰ ਰਹੇ ਹਨ ਜਾਂ ਪਾਰਟੀ ਆਹਲਾਕਮਾਨ ਦੇ ਕਹਿਣ ‘ਤੇ ਇਹ ਫ਼ਿਲਹਾਲ ਰਹੱਸ ਹੀ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ 6 ਦਿਨਾਂ ਤੋਂ ਸਿਰਫ਼ ਕਿਸਾਨੀ ਨਾਲ ਜੁੜੇ ਹੋਏ ਮੁੱਦੇ ਹੀ ਚੁੱਕ ਰਹੇ ਹਨ ਯਾਨਿ ਸਿੱਧੂ ਨੇ ਮੁੱਖ ਮੰਤਰੀ ‘ਤੇ ਸਿੱਧੇ ਹਮਲੇ ਫਿਲਹਾਲ ਲਈ ਰੋਕ ਲਏ ਹਨ।
ਐਤਵਾਰ ਸਵੇਰੇ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਕਿਸਾਨਾਂ ਸਬੰਧਤ ਮੁੱਦਾ ਚੁੱਕਿਆ ਅਤੇ ਆਪਣਾ ਪੱਖ ਪੇਸ਼ ਕੀਤਾ।
ਸਿੱਧੂ ਨੇ ਲਿਖਿਆ, “ਮੈਂ ਵਾਰ-ਵਾਰ ਇਸੇ ਗੱਲ ’ਤੇ ਜ਼ੋਰ ਦੇ ਰਿਹਾ ਹਾਂ ਕਿ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਇਕਜੁੱਟ ਹੋ ਕੇ ਸਾਰੇ ਖੇਤੀ ਉਪਜਾਂ ਦਾ ਉਤਪਾਦਨ, ਭੰਡਾਰਣ ਅਤੇ ਵਪਾਰ ਕਿਸਾਨਾਂ ਦੇ ਹੱਥਾਂ ‘ਚ ਦੇ ਸਕਦੀਆਂ ਹਨ।”
ਉਨ੍ਹਾਂ ਕਿਹਾ ਕਿ ”ਕਿਸਾਨੀ ਏਕਤਾ ਨੂੰ ਸਮਾਜਿਕ ਅੰਦੋਲਨ ਤੋਂ ਇੱਕ ਖੇਤੀ ਆਰਥਿਕ ਸ਼ਕਤੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।”
I have repeatedly emphasised that Punjab Govt & Farmer Unions can come together to give production, storage & trade of all agricultural produce in the hands of the farmers … Farmers unity can be transformed from being a Social Movement to an unparalleled Economic Force !! pic.twitter.com/k9pPoYoTIJ
— Navjot Singh Sidhu (@sherryontopp) May 30, 2021
ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਹਰ ਵਾਰ ਦੀ ਤਰ੍ਹਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਕਿਸਾਨੀ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ‘ਤੇ ਆਪਣੀ ਪਟਿਆਲਾ ਅਤੇ ਅੰਮ੍ਰਿਤਸਰ ਰਿਹਾਇਸ਼ ‘ਤੇ ਕਿਸਾਨਾਂ ਦੇ ਹੱਕ ਵਿਚ ਕਾਲੇ ਝੰਡੇ ਲਗਾ ਚੁੱਕੇ ਹਨ।