-ਜਗਤਾਰ ਸਿੰਘ ਸਿੱਧੂ, (ਐਡੀਟਰ);
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਰੀਆਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਹੋਣ ਤੋਂ ਪਹਿਲਾਂ ਦੋਹਾਂ ਆਗੂਆਂ ਵਿਚਕਾਰ ਖੁਲ੍ਹ ਕੇ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਹੋਈ। ਕਾਂਗਰਸ ਦਾ ਪ੍ਰਧਾਨ ਬਨਣ ਬਾਅਦ ਪਾਰਟੀ ਹਾਈ ਕਮਾਂਡ ਨੂੰ ਲੱਗਾ ਕਿ – ਹੁਣ ਸੂਬੇ ਦਾ ਮੁੱਖ ਮੰਤਰੀ ਅਤੇ ਪਾਰਟੀ ਦਾ ਪ੍ਰਧਾਨ ਮਿਲ ਕੇ ਕੰਮ ਕਰਨਗੇ ਪਰ ਅਜਿਹਾ ਨਹੀਂ ਹੋਇਆ।
ਨਵਜੋਤ ਸਿੰਘ ਸਿੱਧੂ ਇਹ ਨਹੀਂ ਭੁੱਲ ਸਕਿਆ ਕਿ ਕੈਪਟਨ ਨੇ ਉਸ ਦੀ ਪ੍ਰਧਾਨਗੀ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਅਤੇ ਕੈਪਟਨ ਨੂੰ ਇਹ ਹਜ਼ਮ ਨਹੀਂ ਹੋਇਆ ਕਿ ਉਸ ਦੇ ਵਿਰੋਧ ਦੇ ਬਾਵਜੂਦ ਸਿੱਧੂ ਪ੍ਰਧਾਨ ਬਣ ਗਿਆ ਹੈ। ਹੁਣ ਦੋਹਾਂ ਹੀ ਧਿਰਾਂ ਦੇ ਨੇਤਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਸਾਰੀ ਸਥਿਤੀ ਦੱਸਣ ਲਈ ਕਾਹਲੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮੀ ਦਿੱਲੀ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਪਾਰਟੀ ਅਤੇ ਸੂਬੇ ਦੀ ਸਥਿਤੀ ਤੋਂ ਜਾਨੂੰ ਕਰਵਾ ਚੁੱਕੇ ਹਨ। ਸਮਝਿਆ ਜਾਂਦਾ ਹੈ ਕਿ ਕਈ ਅਹਿਮ ਮਾਮਲਿਆ ਸਮੇਤ ਮੰਤਰੀ ਮੰਡਲ ਵਿਚ ਫੇਰਬਦਲ ਦਾ ਮੁੱਦਾ ਵੀ ਕੈਪਟਨ ਵਲੋਂ ਪਾਰਟੀ ਪ੍ਰਧਾਨ ਨਾਲ ਵਿਚਾਰਿਆ ਗਿਆ ਹੈ। ਇਸੇ ਸਮੇਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਨੂੰ ਲਿਖ ਕੇ ਮਿਲਣ ਲਈ ਸਮਾਂ ਮੰਗਿਆ ਹੈ।
ਕਾਂਗਰਸ ਪ੍ਰਧਾਨ ਸਿੱਧੂ ਅਤੇ ਉਨ੍ਹਾਂ ਦੇ ਹਮਾਇਤੀ ਮੰਤਰੀ ਮਹਿਸੂਸ ਕਰ ਰਹੇ ਹਨ ਕਿ ਪਾਰਟੀ ਦੀ ਕੋਮੀ ਲੀਡਰਸ਼ਿਪ ਵਲੋਂ ਦਿੱਤਾ ਗਿਆ 18 ਨੁਕਾਤੀ ਏਜੰਡਾ ਲਾਗੂ ਕਰਨ ਵਿਚ ਮੁੱਖ ਮੰਤਰੀ ਦੇਰੀ ਕਰ ਰਹੇ ਹਨ ਅਤੇ ਇਸ ਦਾ ਮਾੜਾ ਅਸਰ ਆ ਰਹੀ ਪੰਜਾਬ ਵਿਧਾਨ ਸਭਾ ਦੀ ਚੋਣ ‘ਤੇ ਪਏਗਾ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਤਕਰੀਬਨ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੀ ਹੈ। ਮੁੱਖ ਮੰਤਰੀ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਆਪਣੀ ਹੀ ਸਰਕਾਰ ਦੀ ਖੁੱਲ੍ਹੇ ਤੌਰ ‘ਤੇ ਆਲੋਚਨਾ ਦਾ ਫਾਇਦਾ ਵਿਰੋਧੀ ਧਿਰ ਨੂੰ ਹੋ ਰਿਹਾ ਹੈ। ਇਸ ਰੱਸਾਕਸ਼ੀ ਵਿਚ ਪੰਜਾਬ ਅੰਦਰ ਕਾਂਗਰਸ ਦੇ ਹੀ ਦੋ ਤਰ੍ਹਾਂ ਦੇ ਬੋਰਡ ਲੱਗ ਰਹੇ ਹਨ। ਇਕ ਬੋਰਡ ਹੈ-ਚਾਹੁੰਦਾ ਹੈ ਪੰਜਾਬ ਕੈਪਟਨ ਦੀ ਦੁਬਾਰਾ ਸਰਕਾਰ। ਦੂਜਾ ਬੋਰਡ ਹੈ – ਆ ਗਿਆ ਸਿੱਧੂ ਸਰਦਾਰ! ਇਸ ਵਿਚ ਵਿਧਾਇਕਾਂ ਅਤੇ ਪਾਰਟੀ ਆਗੂਆਂ ਨੂੰ ਮੁਸ਼ਕਲ ਬਣੀ ਹੋਈ ਹੈ ਕਿ ਆਪਣੀ ਵਫਾਦਾਰੀ ਕਿਸ ਨੇਤਾ ਕੋਲ ਵਿਖਾਉਣ। ਇਨ੍ਹਾਂ ਹੇਠਲੇ ਆਗੂਆਂ ਲਈ ਟਿਕਟਾ ਦੀ ਵੰਡ ਸਭ ਤੋਂ ਅਹਿਮ ਹੈ। ਪਾਰਟੀ ਅੰਦਰ ਇਹ ਵੀ ਪ੍ਰਭਾਵ ਹੈ ਕਿ ਨਵਜੋਤ ਸਿੱਧੂ ਦੀ ਅਗਵਾਈ ਹੇਠ ਹੀ ਚੋਣ ਜਿੱਤੀ ਜਾ ਸਕਦੀ ਹੈ। ਇਕ ਕੈਬਨਿਟ ਮੰਤਰੀ ਨੇ ਗੈਰ-ਸਰਕਾਰੀ ਮੁਲਾਕਾਤ ਵਿਚ ਮੈਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਦੇ ਹਲਕੇ ਵਿਚ ਆਉਣ ਨਾਲ ਚਾਰ ਵੋਟਾਂ ਦਾ ਫਰਕ ਨਹੀਂ ਪਏਗਾ। ਨਵਜੋਤ ਸਿੱਧੂ ਵਿਚ ਵੱਡੇ ਇਕੱਠ ਖਿੱਚਣ ਦੀ ਸਮਰਥਾ ਹੈ।
ਮੁੱਦਿਆ ਦੇ ਮਾਮਲੇ ਵਿਚ ਵੀ ਸਿੱਧੂ ਪਿਛੇ ਹਟਣ ਲਈ ਤਿਆਰ ਨਹੀਂ ਹੈ। ਉਸ ਵਲੋਂ ਹੁਣ ਨਸ਼ਿਆਂ ਦੇ ਮੁੱਦੇ ‘ਤੇ ਟਵੀਟ ਕਰਕੇ ਕਿਹਾ ਗਿਆ ਹੈ ਕਿ ਕਾਂਗਰਸ ਦੇ 18 ਨੁਕਤੀ ਏਜੰਡੇ ਵਿਚ ਨਸ਼ੇ ਦੇ ਕਾਰੋਬਾਰੀਆਂ ਨੂੰ ਸਜਾ ਦੁਆਉਣਾ ਅਹਿਮ ਨੁਕਤਾ ਹੈ। ਸਿੱਧੂ ਨੇ ਬਕਾਇਦਾ ਨਾਂ ਲੈ ਕੇ ਕਿਹਾ ਹੈ ਕਿ ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠਿਆ ਵਿਰੁੱਧ ਕੀ ਕਾਰਵਾਈ ਕੀਤੀ ਗਈ? ਈ.ਡੀ ਵਲੋ ਮਜੀਠਿਆ ਅਤੇ ਹੋਰ ਵੀ ਨਸ਼ਾ ਤਸਕਰੀ ਬਾਰੇ ਰਿਕਾਰਡ ਕੀਤੇ ਬਿਆਨ ਅਤੇ ਸਬੂਤ ਅਦਾਲਤ ਵਿਚ ਪੇਸ਼ ਕੀਤੇ ਗਏ ਸਨ। ਇਹ ਰਿਪੋਰਟ ਲਿਫਾਫੇ ਵਿਚ ਬੰਦ ਪਈ ਹੈ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵਲੋਂ ਕਾਰਵਾਈ ਵਿਚ ਹੋਰ ਦੇਰੀ ਹੋਈ ਤਾਂ ਇਹ ਰਿਪੋਰਟਾ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਉਣਗੇ।
ਸੰਪਰਕ-9814002186