ਅੰਮ੍ਰਿਤਸਰ: ਖੇਤੀ ਕਾਨੂੰਨਾਂ ਖਿਲਾਫ਼ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਅੰਮ੍ਰਿਤਸਰ ‘ਚ ਇੱਕ ਰੈਲੀ ਕੀਤੀ ਗਈ। ਕਿਸਾਨਾਂ ਦੇ ਹੱਕ ‘ਚ ਕੀਤੀ ਇਸ ਰੈਲੀ ‘ਚ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ‘ਤੇ ਖੂਬ ਰਗੜੇ ਲਾਏ। ਨਵਜੋਤ ਸਿੱਧੂ ਨੇ ਕਿਹਾ ਕਿ ਹੁਣ ਕੇਂਦਰ ਨਾਲ ਸਿੱਧੀ ਲੜਾਈ ਲੜ੍ਹਨ ਦੀ ਜ਼ਰੂਰਤ ਹੈ। ਅਸਤੀਫ਼ੇ ਦੇਣ ਨਾਲ ਕੋਈ ਹੱਲ ਨਹੀਂ ਨਿਕਲਣ ਵਾਲਾ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸੁਧਾਰ ਕਾਨੂੰਨ ਲਿਆ ਕੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ। ਪਹਿਲਾਂ ਖੇਤੀ ਸੁਧਾਰ ਕਾਨੂੰਨ ਲਿਆਂਦਾ ਤੇ ਹੁਣ ਪਰਾਲੀ ਸਾੜਨ ਵਾਲਾ ਕਾਨੂੰਨ ਲਿਆਉਣ ਦੀ ਤਿਆਰੀ ‘ਚ ਹੈ। ਪਰਾਲੀ ਸਾੜਨ ‘ਤੇ ਸਰਕਾਰ ਮੋਟਾ ਜ਼ੁਰਮਾਨਾ ਲਗਾ ਰਹੀ ਹੈ, ਜਦਕਿ ਕੁਝ ਵੱਡੇ ਘਰਾਣਿਆਂ ਦੇ ਕਰੋੜਾਂ ਰੁਪਏ ਟੈਕਸ ਵੀ ਛੱਡ ਦਿੰਦੀ ਹੈ।
ਇਸ ਤੋਂ ਇਲਾਵਾ ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਸਿਰਫ਼ ਕੁਝ ਵੱਡੇ ਵਪਾਰੀਆਂ ਨੂੰ ਲਾਭ ਦੇਣ ਲਈ ਲਾਗੂ ਕੀਤੇ ਹਨ। ਨਵਜੋਤ ਸਿੱਧੂ ਨੇ ਇਹ ਰੈਲੀ ਬੱਲਾ ਸਬਜ਼ੀ ਮੰਡੀ ‘ਚ ਕੀਤੀ। ਦਰਅਸਲ ਇੱਥੇ ਫਲ ਤੇ ਸਬਜ਼ੀ ਯੂਨੀਅਨ ਵੱਲੋਂ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਨਵਜੋਤ ਸਿੱਧੂ ਪਹੁੰਚੇ।