ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ । ਨਵਜੋਤ ਸਿੰਘ ਸਿੱਧੂ ਦਾ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਪੰਜ ਸੂਬਿਆਂ ਦੇ ਵਿਧਾਨਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਭਾਜਪਾ ਪੱਛਮੀ ਬੰਗਾਲ ਵਿਚ ਪੂਰਾ ਜ਼ੋਰ ਲਗਾਉਣ ਤੋਂ ਬਾਅਦ ਵੀ ਕੁਝ ਖ਼ਾਸ ਨਹੀਂ ਕਰ ਸਕੀ ।
ਸਿੱਧੂ ਨੇ ਭਾਰਤੀ ਚੋਣ ਕਮਿਸ਼ਨ ‘ਤੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਢਾਹ ਲਾਉਣ ਅਤੇ ਪੱਖਪਾਤ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਸਿੱਧੂ ਨੇ ਭਾਰਤੀ ਚੋਣ ਕਮਿਸ਼ਨ ਬਾਰੇ ਟਵੀਟ ਕਰਦਿਆਂ ਲਿਖਿਆ, ”ਚੋਣ ਕਮਿਸ਼ਨ ਨੂੰ ਚੋਣਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ, ਸਾਡੇ ਲੋਕਤੰਤਰ ਦਾ ਨਿਚੋੜ ਸੁਤੰਤਰ ਅਤੇ ਨਿਰਪੱਖ ਚੋਣਾਂ ਹਨ, ਚੋਣ ਕਮਿਸ਼ਨ ਵੱਲੋਂ ਭਾਰਤ ਦੇ ਲੋਕਤੰਤਰ ਦੀ ਬੁਨਿਆਦ ਨੂੰ ਹਿਲਾਉਣ ਵਾਲੀਆਂ ਗੰਭੀਰ ਚਾਲਾਂ ‘ਤੇ ਜ਼ੋਰ ਦਿੱਤਾ ਗਿਆ ਹੈ। ”
ਸਿੱਧੂ ਨੇ ਟਵੀਟ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਮਮਤਾ ਬੈਨਰਜੀ ਦਾ ਚੋਣਾਂ ਸਬੰਧੀ ਬਿਆਨ ਹੈ।
ਇਸਦੇ ਨਾਲ ਹੀ ਨਵਜੋਤ ਸਿੱਧੂ ਨੇ ਦੇਸ਼ ਅੰਦਰ ਵੋਟਿੰਗ ਬੈਲੇਟ ਪੇਪਰ ਰਾਹੀਂ ਕਰਵਾਉਣ ‘ਤੇ ਜ਼ੋਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਉਹ ਇਹ ਮੰਗ ਕਾਫ਼ੀ ਸਮਾਂ ਪਹਿਲਾਂ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਇਸ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਵੱਲੋਂ ਚੁੱਕੀ ਗਈ ਮੰਗ ਦਾ ਜ਼ਿਕਰ ਕਰਦਿਆਂ ਲਿਖਿਆ, “ਮੈਂ ਪਿਛਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਆਪਣੀ ਕੀਤੀ ਮੰਗ ਨੂੰ ਦੁਹਰਾਉਂਦਾ ਹਾਂ, ਭਾਰਤ ਨੂੰ ਬੈਲਟ ਪੇਪਰ ਰਾਹੀਂ ਵੋਟ ਦੇਣੀ ਚਾਹੀਦੀ ਹੈ … ਇਹ ਇਕ ਵੱਡਾ ਮਾਮਲਾ ਹੈ ਕਿਉਂਕਿ ਬ੍ਰਿਟੇਨ, ਅਮਰੀਕਾ ਵਰਗੇ ਵਿਸ਼ਵ ਦੇ ਸਾਰੇ ਪ੍ਰਮੁੱਖ ਦੇਸ਼ ਬੈਲਟ ਪੇਪਰ ਦੁਆਰਾ ਹੀ ਵੋਟ ਦਿੰਦੇ ਹਨ।”
I reiterate my demand put forth in the previous Punjab Vidhan Sabha Session, India should vote through ballot paper … It is a cast iron case as all the first world countries like UK, USA vote by ballot paper. 2/2
— Navjot Singh Sidhu (@sherryontopp) May 4, 2021
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਸਵਾਲਾਂ ਦੇ ਘੇਰੇ ਵਿੱਚ ਹੈ । ਵਿਰੋਧ ਧਿਰਾਂ ਸ਼ੁਰੂ ਤੋਂ ਹੀ ਪੱਖਪਾਤ ਦੇ ਦੋਸ਼ ਲਗਾਉਂਦਿਆਂ ਆਈਆਂ ਹਨ । ਉਧਰ ਮਾਣਯੋਗ ਮਦਰਾਸ ਹਾਈ ਕੋਰਟ ਵਲੋਂ ਚੋਣ ਤਾਰੀਖਾਂ ਦੇ ਫ਼ੈਸਲੇ ਬਾਰੇ ਕੀਤੀ ਗਈ ਸਖ਼ਤ ਟਿੱਪਣੀ ਤੋਂ ਬਾਅਦ ਚੋਣ ਕਮਿਸ਼ਨ ਦੀ ਪਹਿਲਾਂ ਹੀ ਖਾਸੀ ਕਿਰਕਿਰੀ ਹੋ ਚੁੱਕੀ ਹੈ।