ਨਿਊਜ਼ ਡੈਸਕ: “ਕੁਝ ਨੁਕਤੇ ਦੇਵਾਂਗਾ, ਕੁਝ ਮਰਜ਼ਾਂ ਦੀ ਦਵਾ ਦੇਵਾਂਗਾ, ਪਰ ਰਾਜਨੀਤੀ ਨੂੰ ਹਵਾ ਵੀ ਨਹੀਂ ਦੇਵਾਂਗਾ।” ਇਹ ਸ਼ਬਦ ਨੇ ਸਾਬਕਾ ਕ੍ਰਿਕਟਰ ਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਦੇ, ਜਿਨ੍ਹਾਂ ਨੇ ਅੱਜ ਆਪਣੇ ਅੰਮ੍ਰਿਤਸਰ ਵਾਲੇ ਘਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਦਾ ਐਲਾਨ ਕੀਤਾ।
ਸਿੱਧੂ ਹੁਣ ਯੂਟਿਊਬ ਰਾਹੀਂ ਲੋਕਾਂ ਨਾਲ ਜੁੜਨਗੇ। ਉਨ੍ਹਾਂ ਨੇ ‘Navjot Sidhu Official’ ਨਾਂ ਨਾਲ ਆਪਣਾ ਨਵਾਂ ਯੂਟਿਊਬ ਚੈਨਲ ਲਾਂਚ ਕੀਤਾ ਹੈ। ਇਸ ਚੈਨਲ ਰਾਹੀਂ ਉਹ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਨਗੇ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਬਾਰੇ ਗੁਰਮੰਤਰ ਵੀ ਦੇਣਗੇ।
ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਸਿੱਧੂ ਨੇ ਹਮੇਸ਼ਾਂ ਦੀ ਤਰ੍ਹਾਂ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ। ਉਨ੍ਹਾਂ ਨੇ ਕਿਹਾ, “ਕੁਝ ਨੁਕਤੇ ਦੇਵਾਂਗਾ, ਕੁਝ ਮਰਜ਼ਾਂ ਦੀ ਦਵਾ ਦੇਵਾਂਗਾ, ਪਰ ਰਾਜਨੀਤੀ ਨੂੰ ਹਵਾ ਵੀ ਨਹੀਂ ਦੇਵਾਂਗਾ।” ਉਨ੍ਹਾਂ ਨਾਲ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਵੀ ਮੌਜੂਦ ਸੀ, ਜੋ ਇਸ ਚੈਨਲ ਦੀ ਡਾਇਰੈਕਟਰ ਹੋਵੇਗੀ। ਉਹ ਫੈਸ਼ਨ ਡਿਜ਼ਾਈਨਿੰਗ ਨਾਲ ਸਬੰਧਤ ਗੱਲਾਂ ਵੀ ਚੈਨਲ ਰਾਹੀਂ ਸਾਂਝੀਆਂ ਕਰੇਗੀ।
ਸਿੱਧੂ ਨੇ ਕਿਹਾ ਕਿ ਰਾਜਨੀਤੀ ਕਦੇ ਵੀ ਉਨ੍ਹਾਂ ਦਾ ਟੀਚਾ ਨਹੀਂ ਸੀ, ਉਹ ਇਸ ਖੇਤਰ ਵਿੱਚ ਅਚਾਨਕ ਆ ਗਏ। ਉਨ੍ਹਾਂ ਕਿਹਾ ਕਿ ਗਲਤ ਤਰੀਕੇ ਨਾਲ ਕਮਾਇਆ ਧਨ ਉਹ ਕਦੇ ਵੀ ਘਰ ਨਹੀਂ ਲਿਆਉਣਗੇ। ਇਹ ਚੈਨਲ ਉਨ੍ਹਾਂ ਲਈ ਇੱਕ ਆਜ਼ਾਦ ਮੰਚ ਹੋਵੇਗਾ ਜਿੱਥੇ ਉਹ ਬਿਨਾਂ ਕਿਸੇ ਰੁਕਾਵਟ ਆਪਣੇ ਮਨ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਸਕਣਗੇ।
ਉਹਨਾਂ ਦੱਸਿਆ ਕਿ ਲੋਕ ਹਰ ਰੋਜ਼ ਪੁੱਛਦੇ ਹਨ ਕਿ ਉਨ੍ਹਾਂ ਨੇ 30 ਕਿਲੋ ਵਜ਼ਨ ਕਿਵੇਂ ਘਟਾਇਆ, ਉਹ ਆਪਣੀ ਲਾਈਫਸਟਾਈਲ ਕਿਵੇਂ ਚੁਣਦੇ ਹਨ, ਇਹ ਸਭ ਕੁਝ ਉਹ ਹੁਣ ਇਸ ਚੈਨਲ ਰਾਹੀਂ ਲੋਕਾਂ ਨਾਲ ਸਾਂਝਾ ਕਰਨਗੇ।