ਚੰਡੀਗੜ੍ਹ : ਕਰੀਬ ਦੋ ਹਫ਼ਤਿਆਂ ਤੱਕ ਸ਼ਾਂਤ ਰਹਿਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਆਪਣੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ । ਸਿੱਧੂ ਨੇ ਟਵੀਟ ਕਰ ਕੇ ਕੈਪਟਨ ਸਰਕਾਰ ਨੂੰ ਸਵਾਲ ਪੁੱਛੇ ਹਨ ।
ਸਿੱਧੂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਵਪਾਰ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ 18 ਸੂਤਰੀ ਏਜੰਡੇ ਦੇ ਤਹਿਤ ਕਾਂਗਰਸ ਦੀ ਤਰਜੀਹ ਹੈ। ਇਸ ਨਾਲ ਹੀ ਸਿੱਧੂ ਨੇ ਸਵਾਲ ਖੜਾ ਕੀਤਾ ਕਿ ਮਜੀਠੀਆ ‘ਤੇ ਕੀ ਕਾਰਵਾਈ ਹੋਈ ਹੈ । ਉਨ੍ਹਾਂ ਕਿਹਾ ਕਿ ਜੇ ਹੋਰ ਦੇਰੀ ਹੋਈ ਤਾਂ ਰਿਪੋਰਟਾਂ ਨੂੰ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਂਦਾ ਜਾਵੇਗਾ।
High Court while accepting the preponement plea questioned Govt’s inaction in Drug Case against Majithia, stating Court never put a stay on investigation than why did Govt not act in 2.5 year since STF Report? Govt must act as Court hears case next on 27 August … Looking Forward https://t.co/WgkmVWHK0O pic.twitter.com/2cRSLQMX6g
— Navjot Singh Sidhu (@sherryontopp) August 14, 2021
ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਜੀਠੀਆ ਦੇ ਖ਼ਿਲਾਫ਼ ਲਏ ਗਏ ਕੇਸ ਨੂੰ ਛੇਤੀ ਤੋਂ ਛੇਤੀ ਸਿੱਟੇ ‘ਤੇ ਪਹੁੰਚਾਉਣ ਲਈ ਸੀਲਬੰਦ ਰਿਪੋਰਟਾਂ ਨੂੰ ਖੋਲ੍ਹਣ ਦੀ ਪਟੀਸ਼ਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ ।
ਸਿੱਧੂ ਦਾ ਕਹਿਣਾ ਸੀ ਕਿ ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਐੱਸ.ਟੀ.ਐਫ. ਦੀ ਰਿਪੋਰਟ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਸਰਕਾਰ ਨੇ ਢਾਈ ਸਾਲ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ ।
ਸਿੱਧੂ ਦੇ ਇਸ ਕਦਮ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਵੱਡਾ ਤੂਫ਼ਾਨ ਆਉਣ ਦੀ ਪੂਰੀ ਸੰਭਾਵਨਾ ਹੈ। ਸਿਆਸੀ ਮਾਹਿਰਾਂ ਅਨੁਸਾਰ ਸਿੱਧੂ ਦੀ ਇਸ ਮੰਗ ਦਾ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੀ ਸਮਰਥਨ ਕਰਦੇ ਹੋਏ ਡਟ ਸਕਦੀ ਹੈ ।