ਨਵਜੋਤ ਸਿੱਧੂ ਨੇ ਹੁਣ ਆਪਣੇ ਆਲੋਚਕਾਂ ਨੁੰ ਦਿੱਤੀ ਖੁੱਲ੍ਹੀ ਚੁਣੌਤੀ

TeamGlobalPunjab
2 Min Read

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਆਪਣੇ ਵਿਰੋਧੀਆਂ ਨੂੰ ਚੁਣੌਤੀ ਦੇਣ ਦਾ ਸਿਲਸਿਲਾ ਜਾਰੀ ਹੈ। ਅੱਜ ਸੋਸ਼ਲ ਮੀਡੀਆ ‘ਤੇ ਨਵਜੋਤ ਸਿੱਧੂ ਨੇ ਆਪਣੇ ਆਲੋਚਕਾਂ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਕਿ ਉਹ ਸਾਬਤ ਕਰ ਕੇ ਵਿਖਾਉਣ ਕਿ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਇੱਕ ਵੀ ਬੈਠਕ ਕੀਤੀ ਹੋਵੇ ।

ਅੱਜ ਪੂਰੇ ਸੁਨੇਹੇ ਵਿਚ ਨਵਜੋਤ ਸਿੰਘ ਸਿੱਧੂ ਨੇ ਸਿਰਫ਼ ਆਪਣਾ ਪੱਖ ਰੱਖਿਆ ਹੈ। ਸਿੱਧੂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਹੁਦਾ ਉਹਨਾਂ ਲਈ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦਾ ।

ਸਿੱਧੂ ਨੇ ਆਪਣੇ ਸੁਨੇਹੇ ਵਿੱਚ ਲਿਖਿਆ ਕਿ ਅੱਜ ਤੱਕ ਉਨ੍ਹਾਂ ਨੇ ਕਿਸੇ ਤੋਂ ਕੋਈ ਵੀ ਅਹੁਦਾ ਮੰਗਿਆ ਨਹੀਂ । ਅਨੇਕਾਂ ਵਾਰ ਉਨਾਂ ਨੂੰ  ਕੈਬਨਿਟ ਵਿੱਚ ਮੁੜ ਸ਼ਾਮਲ ਹੋਣ ਲਈ ਸੱਦਿਆ ਗਿਆ, ਪਰ ਉਨ੍ਹਾਂ  ਆਪਣੇ ਜ਼ਮੀਰ ਦੇ ਵਿਰੁੱਧ ਕੋਈ ਵੀ ਚੀਜ਼ ਕਬੂਲ ਨਹੀਂ ਕੀਤੀ। ਉਹਨਾਂ ਕਿਹਾ ਕਿ ਉਹ ਸਿਰਫ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਹਨ।

ਨਵਜੋਤ ਸਿੱਧੂ ਨੇ ਆਪਣੀ ਪੋਸਟ ਦੇ ਆਖ਼ਰ ਵਿੱਚ ਲਿਖਿਆ ਕਿ ਹੁਣ ਕਾਂਗਰਸ ਹਾਈ ਕਮਾਨ ਨੇ ਦਖਲ ਦੇ ਦਿੱਤਾ ਹੈ, ਉਹ ਹੁਣ ਉਡੀਕ ਕਰ ਰਹੇ ਹਨ …

- Advertisement -

ਦਰਅਸਲ ਨਵਜੋਤ ਸਿੱਧੂ ਦੀ ਅੱਜ ਦੀ ਪੋਸਟ ਦਾ ਸਾਰ ਇਸ ਦੀ ਆਖਰੀ ਲਾਈਨ ‘ਚ ਹੈ, ਜਿਹੜੀ ਉਨ੍ਹਾਂ ਪਾਰਟੀ ਹਾਈਕਮਾਨ ਬਾਰੇ ਲਿਖੀ ਹੈ।  ਅੱਜ ਦੇ ਸੁਨੇਹੇ ਵਿੱਚ ਨਵਜੋਤ ਸਿੱਧੂ ਦਾ ਇਸ਼ਾਰਾ ਇਸ ਪਾਸੇ ਹੈ ਕਿ ਪਾਰਟੀ ਹਾਈਕਮਾਨ ਦਾ ਉਨ੍ਹਾਂ ਦੇ ਸਿਰ ‘ਤੇ ਹੱਥ ਹੈ।

ਕੁਝ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਜਾ ਰਹੀ ਸਿਆਸੀ ਪੈਂਤਰੇਬਾਜ਼ੀ ‘ਤੇ ਹਾਈਕਮਾਨ ਨਜ਼ਰ ਰੱਖ ਰਹੀ ਹੈ। ਨਾਲ ਹੀ ਪਾਰਟੀ ਅੰਦਰ ਚੱਲ ਰਹੀ ਧੜੇਬਾਜੀ ‘ਤੇ ਹਾਈਕਮਾਨ ਕੀ ਫੈਸਲਾ ਕਰਦੀ ਹੈ, ਉਹ ਇਸੇ ਦੀ ਉਡੀਕ ਕਰ ਰਹੇ ਹਨ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਗਾਤਾਰ ਆਵਾਜ਼ ਚੁੱਕਦੇ ਆ ਰਹੇ ਹਨ। ਸਿੱਧੂ ਇਸ ਮਾਮਲੇ ਵਿਚ ਮੁੱਖ ਮੰਤਰੀ ‘ਤੇ ਵੀ ਸਿੱਧੇ ਨਿਸ਼ਾਨੇ ਸਾਧਦੇ ਰਹੇ ਹਨ ਕਿ ਉਹ ਦੋਸ਼ੀਆਂ ਨੂੰ ਬਚਾ ਰਹੇ ਹਨ। ਸਿੱਧੂ ਬੀਤੀ 13 ਅਪ੍ਰੈਲ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਹਨ।

- Advertisement -
Share this Article
Leave a comment