ਨਵਜੋਤ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਦੀ ਕੀਤੀ ਪੈਰਵੀ, ਵਿਵਾਦਤ ਬਿਆਨ ‘ਤੇ ਰੱਖਿਆ ਆਪਣਾ ਪੱਖ

TeamGlobalPunjab
2 Min Read

ਡੇਰਾ ਬਾਬਾ ਨਾਨਕ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ  ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਡੇਰਾ ਬਾਬਾ ਨਾਨਕ ਪੁੱਜੇ। ਇੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ‘ਚ ਦਿੱਤੇ ਆਪਣੇ ਬਿਆਨ ‘ਤੇ ਪੱਖ ਰੱਖਿਆ।

ਕਰਤਾਰਪੁਰ ਸਾਹਿਬ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ‘ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਹੀ ਇਕੋ-ਇਕ ਰਸਤਾ ਹੈ। ਦੋਵਾਂ ਦੇਸ਼ਾਂ ਦਾ ਸੱਭਿਆਚਾਰ ਇੱਕੋ ਜਿਹਾ ਹੈ ਤੇ ਇਸ ਲਈ ਅਮਨ-ਸ਼ਾਂਤੀ ਜ਼ਰੂਰੀ ਹੈ।’

ਉਨ੍ਹਾਂ ਕਿਹਾ ਕਿ ਮੇਰੀਆਂ ਗੱਲਾਂ ਦਾ ਕੋਈ ਬਤੰਗੜ ਬਣਾ ਲਏ, ਇਸ ਦੀ ਕੋਈ ਪਰਵਾਹ ਨਹੀਂ ਪਰ ਮੈਂ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦਾ ਰਹਾਂਗਾ।

ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾਂ ਸਦਕਾ ਹੀ ਪੂਰਾ ਹੋਇਆ ਹੈ।

- Advertisement -

ਸਿੱਧੂ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸ਼ੁਰੂ ਕਰਨ ਦੀ ਮੁੜ ਤੋਂ ਪੈਰਵੀ ਕਰਦਿਆਂ ਕਿਹਾ, ‘ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਸਰਹੱਦ ਖੋਲ੍ਹ ਦਿਓ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੀ ਇਜਾਜ਼ਤ ਦਿਓ। ਅਸੀਂ 2100 ਕਿਲੋਮੀਟਰ ਦੂਰ ਮੁੰਦਰਾ ਬੰਦਰਗਾਹ ਕਿਉਂ ਜਾਈਏ? ਅਸੀਂ ਪਾਕਿਸਤਾਨ ਕਿਉਂ ਨਾ ਜਾਈਏ ਜੋ 21 ਕਿਲੋਮੀਟਰ ਦੂਰ ਹੈ।’

ਭਾਜਪਾ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਭਰਾ ਕਹਿਣ ਬਾਰੇ ਪੁੱਛੇ ਜਾਣ ‘ਤੇ ਸਿੱਧੂ ਨੇ ਕਿਹਾ, ‘ਭਾਜਪਾ ਨੇ ਜੋ ਕਹਿਣਾ ਹੈ, ਉਹ ਕਹਿੰਦੀ ਰਹੇ। ਮੈਂ ਸ਼ਾਂਤੀ ਤੇ ਦੋਸਤੀ ਦਾ ਹਮਾਇਤੀ ਹਾਂ। ਭਾਜਪਾ ਜੋ ਮਰਜ਼ੀ ਕਹਿੰਦੀ ਰਹੇ। ਭਾਜਪਾ ਜੋ ਇਲਜ਼ਾਮ ਲਗਾਉਣਾ ਚਾਹੇ ਲਗਾਏ, ਮੈਂ ਕਿਸੇ ‘ਤੇ ਕੋਈ ਦੋਸ਼ ਨਹੀਂ ਲਗਾਉਣਾ।’

 

Share this Article
Leave a comment