ਅੰਮ੍ਰਿਤਸਰ : ਬੀਤੇ ਦਿਨ ਬਿਜਲੀ ਬਿੱਲ ਦੇ ਬਕਾਏ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਸੀ। ਬਿਜਲੀ ਬਿੱਲ ਦੇ ਲੱਖਾਂ ਰੁਪਏ ਦੇ ਬਕਾਏ ਦਾ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਉਛਾਲਿਆ ਗਿਆ। ਨਵਜੋਤ ਸਿੰਘ ਸਿੱਧੂ ਨੂੰ ਵੱਡੀਆਂ-ਵੱਡੀਆਂ ਨਸੀਹਤਾਂ ਦਿੱਤੀਆਂ ਗਈਆਂ। ਹੁਣ ਇਸ ਸਭ ‘ਤੇ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਨਵਜੋਤ ਕੌਰ ਸਿੱਧੂ ਨੇ ਵੀਡੀਓ ਸੁਨੇਹਾ ਜਾਰੀ ਕਰਦਿਆਂ ਵਿਰੋਧਿਆਂ ਨੂੰ ਮੋੜਵਾਂ ਜਵਾਬ ਦਿੱਤਾ ਹੈ।
ਨਵਜੋਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਕੋਲ ਹੱਕ ਹਲਾਲ ਦੀ ਕਮਾਈ ਹੈੈ, ਕੋਈ ਦੋ ਨੰਬਰ ਦਾ ਪੈਸਾ ਨਹੀਂ। ਕੋਰੋਨਾ ਸੰਕਟ ਵਿੱਚ ਹਰ ਇੱਕ ਪ੍ਰਭਾਵਿਤ ਹੋਇਆ ਹੈ , ਅਸੀਂ ਵੀ ਉਹਨਾਂ ਵਿੱਚੋਂ ਇੱਕ ਹਾਂ। ਨਵਜੋਤ ਕੌਰ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ ਕਿ ਅਸੀਂ ਬਿੱਲ ਨਾ ਭਰਿਆ ਹੋਵੇ, ਦੇਰੀ ਜ਼ਰੂਰ ਹੋ ਰਹੀ ਹੈ, ਪਰ ਅਸੀਂ ਬਿੱਲ ਹਰ ਹਾਲ ਵਿੱਚ ਭਰਾਂਗੇ। ਉਨ੍ਹਾਂ ਕਿਹਾ ਕਿ ਇਹ ਬਿੱਲ ਸਰਕਾਰੀ ਖਾਤੇ ਵਿੱਚੋਂ ਨਹੀਂ ਸਗੋਂ ਅਸੀਂ ਆਪਣੇ ਕੋਲੋਂ ਭਰਨਾ ਹੈ। ਬਿਜਲੀ ਵਿਭਾਗ ਕੋਲ ਜ਼ਿਆਦਾ ਬਿੱਲ ਆਉਣ ਬਾਰੇ ਉਨ੍ਹਾਂ ਅਪੀਲ ਕੀਤੇ ਹੋਣ ਦੀ ਗੱਲ ਵੀ ਆਖੀ।
ਇਸਦੇ ਨਾਲ ਹੀ ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕੋਰੋਨਾ ਸੰਕਟ ਸਮੇਂ ਆਪਣੇ ਕੋਲੋਂ ਪੈਸੇ ਖਰਚ ਕੇ ਜ਼ਰੂਰਤਮੰਦਾਂ ਨੂੰ ਰਾਸ਼ਣ ਅਤੇ ਦਵਾਈਆਂ ਪਹੁੰਚਾਈਆਂ ਹਨ , ਸੁਖਬੀਰ ਬਾਦਲ ਦੱਸੇ ਕਿ ਉਸ ਨੇ ਕੋਰੋਨਾ ਸੰਕਟ ਵਿਚ ਆਪਣੇ ਪੱਲੇ ਤੋਂ ਲੋਕਾਂ ਦੀ ਕੀ ਮਦਦ ਕੀਤੀ ਹੈ। ਬੇਹੱਦ ਤੈਸ਼ ਵਿੱਚ ਨਜ਼ਰ ਆ ਰਹੇ ਨਵਜੋਤ ਕੌਰ ਨੇ ਸੁਖਬੀਰ ਬਾਦਲ ਦੀ ਲਾਹ-ਪਾਅ ਕਰਦਿਆਂ ਕਿਹਾ ਕਿ ਤੁਸੀਂ ਆਪਣੇ ਸਮਾਗਮਾਂ ਦੇ ਬਿੱਲ ਵੀ ਸਰਕਾਰ ਕੋਲ ਭੇਜ ਦਿੰਦੇ ਹੋ, ਅਸੀਂ ਅਜਿਹਾ ਨਹੀਂ ਕਰ ਸਕਦੇ।
ਨਵਜੋਤ ਕੌਰ ਸਿਧੂ ਦਾ ਵੀਡੀਓ ਸੁਨੇਹਾ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ
https://fb.watch/6vYdJb-xlg/
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਕਾਇਆ ਬਿੱਲ ਦਾ ਮੁੱਦਾ ਬੀਤੇ ਰੋਜ਼ ਮੀਡੀਆ ਵਿਚ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ , ਪਰ ਅੱਜ ਨਵਜੋਤ ਕੌਰ ਸਿੱਧੂ ਦੇ ਜਵਾਬ ਨੇ ਵਿਰੋਧੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ।
https://fb.watch/6vYEukfVIC/