ਪੰਜਾਬ ਦੇ ਕਿਰਤ ਵਿਭਾਗ ਦੇ 100 ਫੀਸਦ ਕੰਪਿਊਟਰੀਕਰਨ ਦੀ ਕੌਮੀ ਪੱਧਰ ‘ਤੇ ਭਰਵੀਂ ਸ਼ਲਾਘਾ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿਖੇ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੀ ਦੋ-ਰੋਜ਼ਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਸਤਾਵ ਰੱਖਿਆ ਕਿ ਈ-ਸ਼੍ਰਮ ਅਧੀਨ ਰਜਿਸਟਰਡ ਕਾਮਿਆਂ ਨੂੰ ਸਿਹਤ ਬੀਮਾ, ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫਾ ਅਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲਾਭ ਪ੍ਰਦਾਨ ਕੀਤੇ ਜਾਣ।

ਕਾਨਫਰੰਸ ਦੌਰਾਨ ਸੌਂਦ ਨੇ ਇਸ ਮੁੱਦੇ ਸਬੰਧੀ ਕੇਂਦਰੀ ਕਿਰਤ ਮੰਤਰੀ ਨਾਲ ਵਿਚਾਰ-ਚਰਚਾ ਵੀ ਕੀਤੀ। ਉਨ੍ਹਾਂ ਨੇ ਆਈ.ਟੀ.ਆਈ. ਅਤੇ ਪੌਲੀਟੈਕਨਿਕ ਰਾਹੀਂ ਹੁਨਰ ਦੀ ਪਛਾਣ ਅਤੇ ਸਿਖਲਾਈ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਾਮਿਆਂ ਲਈ ਹੁਨਰ ਵਿਕਾਸ ਅਤੇ ਨਿਰੰਤਰ ਸਹਾਇਤਾ ਦੀ ਲੋੜ ਨੂੰ ਉਜਾਗਰ ਕੀਤਾ।

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਦੋ-ਰੋਜ਼ਾ ਕਾਨਫਰੰਸ ਦਾ ਉਦੇਸ਼ ਕਿਰਤ ਭਲਾਈ ਦੀ ਦਿਸ਼ਾ ਵਿੱਚ ਬਿਹਤਰ ਅਭਿਆਸਾਂ ‘ਤੇ ਚਰਚਾ ਕਰਨਾ ਅਤੇ ਕਾਮਿਆਂ ਨੂੰ ਦਰਪੇਸ਼ ਮੁੱਖ ਚੁਣੌਤੀਆਂ ਨੂੰ ਹੱਲ ਕਰਨਾ ਸੀ।

ਪੰਜਾਬ ਦੇ ਕਿਰਤ ਸਕੱਤਰ ਮਨਵੇਸ਼ ਸਿੰਘ ਸਿੱਧੂ ਨੇ ਇਸ ਕਾਨਫਰੰਸ ਦੌਰਾਨ ਸੂਬੇ ਦੇ ਕਿਰਤ ਵਿਭਾਗ ਦੇ 100 ਫੀਸਦ ਕੰਪਿਊਟਰੀਕਰਨ ਬਾਰੇ ਜਾਣਕਾਰੀ ਦਿੱਤੀ, ਜਿਸ ਸਦਕਾ ਵਿਭਾਗ ਦਾ ਕੰਮਕਾਜ ਹੁਣ ਪੂਰੀ ਤਰ੍ਹਾਂ ਕਾਗਜ਼ ਰਹਿਤ, ਪਾਰਦਰਸ਼ੀ ਅਤੇ ਕੁਸ਼ਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇਸ ਪਹਿਲਕਦਮੀ ਸਦਕਾ ਜਵਾਬਦੇਹੀ ਵਧਣ ਦੇ ਨਾਲ-ਨਾਲ ਕਾਰੋਬਾਰ ‘ਚ ਆਸਾਨੀ ਅਤੇ ਸੇਵਾਵਾਂ ਪ੍ਰਦਾਨ ਕਰਨਾ ਵਧੇਰੇ ਸੁਖਾਲਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਕਾਨਫਰੰਸ ਵਿੱਚ ਪੰਜਾਬ ਦੇ ਕਿਰਤ ਵਿਭਾਗ ਅਤੇ ਕਿਰਤੀ ਸਹਾਇਕ ਐਪ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਦੱਸਣਯੋਗ ਹੈ ਕਿ ਕਿਰਤੀ ਸਹਾਇਕ ਐਪ ਉਸਾਰੀ ਕਾਮਿਆਂ ਦੀ ਕਿਸੇ ਵੀ ਥਾਂ ਤੋਂ ਕਿਸੇ ਵੀ ਸਮੇਂ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਇਹ ਐਪ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਆਧਾਰ ਈ-ਕੇਵਾਈਸੀ ਦੀ ਵਰਤੋਂ ਕਰਦੀ ਹੈ ਅਤੇ ਸੇਵਾਵਾਂ ਦੀ ਸਮਾਂਬੱਧ ਡਲਿਵਰੀ ਨੂੰ ਯਕੀਨੀ ਬਣਾਉਂਦੀ ਹੈ।

ਕਾਨਫਰੰਸ ਦੌਰਾਨ ਉਸਾਰੀ ਕਾਮਿਆਂ ਦੀ ਭਲਾਈ ਲਈ ਬਿਹਤਰ ਅਭਿਆਸਾਂ, ਈ.ਐਸ.ਆਈ.ਸੀ. ਨੂੰ ਏ.ਬੀ.ਜੇ.ਏ.ਵਾਈ. ਸਕੀਮ ਨਾਲ ਜੋੜਨ ਅਤੇ ਮੁੱਢਲੀਆਂ ਸਿਹਤ-ਸੰਭਾਲ ਸੇਵਾਵਾਂ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਈ-ਸ਼੍ਰਮ ਰਾਹੀਂ ਅਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਨੂੰ ਵਧਾਉਣ, ਨੈਸ਼ਨਲ ਕਰੀਅਰ ਸਰਵਿਸ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਨ, ਪ੍ਰਧਾਨ ਮੰਤਰੀ ਸਿੱਖਿਆ ਅਤੇ ਰੋਜ਼ਗਾਰ ਲਾਉਂਜ ਵਰਗੀਆਂ ਪਹਿਲਕਦਮੀਆਂ ਦੀ ਪੜਚੋਲ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।

ਕਾਨਫਰੰਸ ‘ਚ ਹੋਰਨਾਂ ਤੋਂ ਇਲਾਵਾ ਪੀ.ਡੀ.ਸੀ. ਮੈਂਬਰ ਅਨੁਰਾਗ ਕੁੰਡੂ, ਕਿਰਤ ਮੰਤਰੀ ਦੇ ਸਲਾਹਕਾਰ ਕਰੁਣ ਅਰੋੜਾ ਅਤੇ ਬੀ.ਓ.ਸੀ.ਡਬਲਿਊ. ਵੈਲਫੇਅਰ ਬੋਰਡ ਦੇ ਉਪ ਸਕੱਤਰ ਜਸ਼ਨਦੀਪ ਸਿੰਘ ਕੰਗ ਸ਼ਾਮਲ ਸਨ।

Share This Article
Leave a Comment