ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ‘ਚ ਵਧ ਰਹੇ ਤਣਾਅ ਅਤੇ ਸੰਵੇਦਨਸ਼ੀਲ ਸੁਰੱਖਿਆ ਸਥਿਤੀ ਦੇ ਵਿਚਾਲੇ, ਨੈਸ਼ਨਲ ਸਾਈਬਰ ਐਮਰਜੈਂਸੀ ਰਿਸਪਾਂਸ ਟੀਮ (ਨੈਸ਼ਨਲ ਸੀਈਆਰਟੀ) ਨੇ ਇੱਕ ਮਹੱਤਵਪੂਰਨ ਏਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ, ਮੀਡੀਆ ਸੰਸਥਾਵਾਂ, ਪੱਤਰਕਾਰਾਂ, ਡਿਜੀਟਲ ਸਮੱਗਰੀ ਕ੍ਰਿਏਟਰ ਅਤੇ ਆਮ ਲੋਕਾਂ ਨੂੰ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਏਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ, ਸੋਸ਼ਲ ਮੀਡੀਆ ਅਤੇ ਹੋਰ ਜਨਤਕ ਮੰਚਾਂ ‘ਤੇ ਫੌਜੀ ਗਤੀਵਿਧੀਆਂ, ਤਾਇਨਾਤੀਆਂ ਅਤੇ ਰਣਨੀਤਕ ਜਾਣਕਾਰੀ ਨਾਲ ਸਬੰਧਤ ਤਸਵੀਰਾਂ, ਵੀਡੀਓ ਅਤੇ ਟਿੱਪਣੀਆਂ ਤੇਜ਼ੀ ਨਾਲ ਵਧੀਆਂ ਹਨ। ਸੀਈਆਰਟੀ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ, ਭਾਵੇਂ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਸਾਂਝੀ ਕੀਤੀ ਗਈ ਹੋਵੇ, ਦੁਸ਼ਮਣ ਤਾਕਤਾਂ ਨੂੰ ਲਾਭ ਪਹੁੰਚਾ ਸਕਦੀ ਹੈ ਅਤੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰ ਸਕਦੀ ਹੈ।
ਨਕਲੀ ਮੀਡੀਆ ਅਤੇ ਅਫਵਾਹਾਂ ਦਾ ਖ਼ਤਰਾ
ਏਡਵਾਈਜ਼ਰੀ ਨੇ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਮੌਜੂਦਾ ਹਾਲਾਤਾਂ ਵਿੱਚ ਡੀਪ ਫੇਕ ਵੀਡੀਓਜ਼, ਜਾਅਲੀ ਖ਼ਬਰਾਂ ਅਤੇ ਗਲਤ ਜਾਣਕਾਰੀ ਦਾ ਫੈਲਾਅ ਵਧਿਆ ਹੈ। ਇਸ ਨਾਲ ਨਾ ਸਿਰਫ਼ ਜਨਤਾ ਵਿੱਚ ਭੰਬਲਭੂਸਾ ਅਤੇ ਅਵਿਸ਼ਵਾਸ ਪੈਦਾ ਹੋ ਸਕਦਾ ਹੈ ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਣਾਅ ਵੀ ਵਧ ਸਕਦਾ ਹੈ। ਸੀਈਆਰਟੀ ਨੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਅਜਿਹੀ ਜਾਅਲੀ ਸਮੱਗਰੀ ਦੀ ਪਛਾਣ ਕਰਨ ਅਤੇ ਇਸਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।
ਮੀਡੀਆ ਅਤੇ ਡਿਜੀਟਲ ਕ੍ਰਿਏਟਰਜ਼ ਲਈ ਦਿਸ਼ਾ-ਨਿਰਦੇਸ਼
ਇਸ ਏਡਵਾਈਜ਼ਰੀ ਵਿੱਚ ਪੱਤਰਕਾਰਾਂ, ਮੀਡੀਆ ਸੰਗਠਨਾਂ, ਯੂਟਿਊਬਰਾਂ, ਬਲੌਗਰਾਂ ਅਤੇ ਸੋਸ਼ਲ ਮੀਡੀਆ ਪ੍ਰਭਾਵਕਾਂ ਲਈ ਕਈ ਮਹੱਤਵਪੂਰਨ ਸੁਝਾਅ ਹਨ:
1. ਫੌਜੀ ਗਤੀਵਿਧੀਆਂ ਜਾਂ ਰਣਨੀਤਕ ਸਥਾਨਾਂ ਦੀਆਂ ਫੋਟੋਆਂ ਜਾਂ ਵੀਡੀਓ ਨਾ ਲਓ ਜਾਂ ਸਾਂਝਾ ਨਾ ਕਰੋ।
2. ਸੰਵੇਦਨਸ਼ੀਲ ਥਾਵਾਂ ਤੋਂ ਲਾਈਵ ਅੱਪਡੇਟ ਜਾਂ ਸਥਾਨ-ਅਧਾਰਿਤ ਪੋਸਟਾਂ ਪੋਸਟ ਕਰਨ ਤੋਂ ਬਚੋ।
3. ਕਿਸੇ ਵੀ ਸਮੱਗਰੀ ਨੂੰ ਬਿਨਾਂ ਪੁਸ਼ਟੀ ਕੀਤੇ ਸਾਂਝਾ ਨਾ ਕਰੋ।
4. ਡੀਪਫੇਕ ਦੀ ਪਛਾਣ ਕਰਨ ਲਈ ਟੂਲਸ ਅਤੇ ਰਿਵਰਸ ਇਮੇਜ ਸਰਚ ਦੀ ਵਰਤੋਂ ਕਰੋ।
5. ਹਰ ਖ਼ਬਰ ਵਿੱਚ ਭਰੋਸੇਯੋਗ ਸਰੋਤਾਂ ਦਾ ਹਵਾਲਾ ਦਿਓ ਅਤੇ ਅਣ-ਪ੍ਰਮਾਣਿਤ ਖ਼ਬਰਾਂ ਨੂੰ ਅਪ੍ਰਮਾਣਿਤ ਵਜੋਂ ਚਿੰਨ੍ਹਿਤ ਕਰੋ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।