ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਚਲਦਿਆਂ ਕੇਂਦਰ ਸਰਕਾਰ ‘ਤੇ ਲਗਾਤਾਰ ਦਬਾਅ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਭੇਜਿਆ ਖੇਤੀ ਕਾਨੂੰਨ ‘ਚ ਸੋਧਾਂ ਵਾਲਾ ਪ੍ਰਸਤਾਵ ਕਿਸਾਨਾਂ ਨੇ ਠੁਕਰਾਅ ਦਿੱਤਾ ਸੀ। ਜਿਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਸਾਹਮਣੇ ਆਏ। ਇਸ ਦੌਰਾਨ ਨਰੇਂਦਰ ਤੋਮਰ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਵੱਲੋਂ ਭੇਜੇ ਗਏ ਖਰੜੇ ‘ਤੇ ਕਿਸਾਨ ਇੱਕ ਵਾਰ ਮੁੜ ਤੋਂ ਵਿਚਾਰ ਚਰਚਾ ਕਰਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਠੰਢ ‘ਚ ਬੈਠੇ ਹੋਏ ਹਨ ਸਾਨੂੰ ਇਸ ਦੀ ਚਿੰਤਾ ਹੈ।
ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਸਾਰੇ ਖਦਸ਼ੇ ਦੂਰ ਕਰਨ ਲਈ ਤਿਆਰ ਹਾਂ। ਸਰਕਾਰ ਖੁੱਲ੍ਹੇ ਮਨ ਨਾਲ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਕਿਸਾਨ ਹਾਲੇ ਤੱਕ ਕਿਸੇ ਫੈਸਲੇ ‘ਤੇ ਨਹੀਂ ਪਹੁੰਚੇ। ਇਸ ਦੇ ਨਾਲ ਹੀ ਨਰੇਂਦਰ ਤੋਮਰ ਨੇ ਕਿਹਾ ਕਿ ਸਰਕਾਰ ਐਮਐਸਪੀ ‘ਤੇ ਲਿਖਤੀ ਰੂਪ ਵਿੱਚ ਭਰੋਸਾ ਦੇਣ ਲਈ ਤਿਆਰ ਹੈ।
ਕੇਂਦਰ ਸਰਕਾਰ ਨੇ ਕਿਸਾਨਾਂ ਲਈ ਵੱਡੇ ਬਾਜ਼ਾਰ ਦੀ ਵਿਵਸਥਾ ਕੀਤੀ ਹੈ ਜਿਸ ਨਾਲ ਉਹਨਾਂ ਦੀ ਆਮਦਨ ‘ਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਹਾਲੇ ਵੀ ਕੋਈ ਖਦਸ਼ੇ ਹਨ ਤਾਂ ਸਰਕਾਰ ਉਹਨਾਂ ‘ਤੇ ਗੱਲਬਾਤ ਕਰਨ ਲਈ ਤਿਆਰ ਹੈ।