SGPC ਟਾਸਕ ਫੋਰਸ ਦੀ ਗੁੰਡਾਗਰਦੀ, ਮੋਰਚੇ ‘ਤੇ ਬੈਠੀ ਸੰਗਤ ਅਤੇ ਮੀਡੀਆ ਕਰਮੀਆਂ ਨਾਲ ਕੀਤੀ ਕੁੱਟਮਾਰ

TeamGlobalPunjab
1 Min Read

ਚੰਡੀਗੜ੍ਹ : ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਲਾਇਆ ਗਿਆ ਰੋਸ ਧਰਨਾ ਅੱਜ ਵੀ ਜਾਰੀ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗੁਰਦਵਾਰਾ ਬਾਬਾ ਅਟੱਲ ਰਾਏ ਵਾਲੇ ਰਸਤੇ, ਗੁਰੂ ਰਾਮਦਾਸ ਸਰਾਂ ਦੇ ਨਜ਼ਦੀਕ ਅਤੇ ਮੰਜੀ ਸਾਹਿਬ ਦੀਵਾਨ ਹਾਲ ਨੂੰ ਜਾਂਦੇ ਰਸਤਿਆਂ ‘ਤੇ ਟੀਨਾਂ ਨਾਲ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤਾਂ ਕਿ ਸੰਗਤਾਂ ਰੋਸ ਧਰਨੇ ਵਾਲੇ ਪਾਸੇ ਨਾ ਜਾ ਸਕਣ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦਾ ਤਾਨਾਸ਼ਾਹੀ ਰਵੱਈਆ ਵੀ ਵੇਖਣ ਨੂੰ ਮਿਲਿਆ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਗੁੰਡਾਗਰਦੀ ਦਿਖਾਉਂਦਿਆਂ ਜਥੇਬੰਦੀਆਂ ਅਤੇ ਮੀਡੀਆ ਕਰਮੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਬੰਦੀ ਵੀ ਬਣਾਇਆ ਗਿਆ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਅਗਵਾਈ ਪ੍ਰਤਾਪ ਸਿੰਘ ਮੀਤ ਸਕੱਤਰ ਕਰ ਰਹੇ ਸਨ ਅਤੇ ਉਨ੍ਹਾਂ ਵਲੋਂ ਮਾਰ-ਕੁੱਟ ਕਰਨ ਦੇ ਨਾਲ-ਨਾਲ ਗਾਲੀ-ਗਲੋਚ ਵੀ ਕੀਤਾ ਗਿਆ। ਇੰਨਾ ਹੀ ਨਹੀਂ ਟਾਸਕ ਫੋਰਸ ਵੱਲੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਦੁਮਾਲੇ ਤੱਕ ਲਾਹ ਦਿੱਤੇ ਅਤੇ ਕਈਆਂ ਦੇ ਸੱਟਾਂ ਲੱਗਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਰੋਸ ਧਰਨੇ ਤੇ ਬੈਠੀਆਂ ਜਥੇਬੰਦੀਆਂ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Share this Article
Leave a comment