ਨਵੀਂ ਦਿੱਲੀ: ਨਰਿੰਦਰ ਮੋਦੀ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਪ੍ਰਧਾਨ ਮੰਤਰੀ ਰਹਿਣ ਵਾਲੇ ਦੂਜੇ ਨੇਤਾ ਬਣ ਗਏ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 4077 ਦਿਨਾਂ (24 ਜਨਵਰੀ 1966 ਤੋਂ 24 ਮਾਰਚ 1977) ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ੁੱਕਰਵਾਰ ਨੂੰ ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ 4078 ਦਿਨ ਪੂਰੇ ਕਰ ਲਏ।
ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ ਜਵਾਹਰਲਾਲ ਨਹਿਰੂ ਦੇ ਨਾਮ ਹੈ, ਜੋ 15 ਅਗਸਤ 1947 ਤੋਂ 27 ਮਈ 1964 ਤੱਕ, ਯਾਨੀ 6126 ਦਿਨਾਂ ਤੱਕ ਇਸ ਅਹੁਦੇ ‘ਤੇ ਰਹੇ। ਪੀਐਮ ਮੋਦੀ ਨਹਿਰੂ ਦੇ ਰਿਕਾਰਡ ਤੋਂ 2048 ਦਿਨ ਪਿੱਛੇ ਹਨ।
ਹਾਲਾਂਕਿ, ਪੀਐਮ ਮੋਦੀ ਨੇ ਤਿੰਨ ਲਗਾਤਾਰ ਲੋਕ ਸਭਾ ਚੋਣਾਂ (2014, 2019, 2024) ਜਿੱਤ ਕੇ ਨਹਿਰੂ ਦੀ ਬਰਾਬਰੀ ਕਰ ਲਈ ਹੈ। ਜੇਕਰ ਉਹ 2029 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣਦੇ ਹਨ, ਤਾਂ ਲਗਾਤਾਰ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਵੀ ਟੁੱਟ ਸਕਦਾ ਹੈ।
ਸਭ ਤੋਂ ਲੰਬੇ ਸਮੇਂ ਤੱਕ ਚੁਣੇ ਹੋਏ ਨੇਤਾ
ਨਰਿੰਦਰ ਮੋਦੀ 2001 ਤੋਂ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ 26 ਮਈ 2014 ਨੂੰ ਉਹ ਪ੍ਰਧਾਨ ਮੰਤਰੀ ਬਣੇ। ਇਸ ਤਰ੍ਹਾਂ ਉਹ ਸੂਬਾ ਅਤੇ ਕੇਂਦਰ ਸਰਕਾਰ ਦੇ ਮੁਖੀ ਵਜੋਂ 24 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਪਹਿਲੇ ਭਾਰਤੀ ਨੇਤਾ ਬਣ ਗਏ ਹਨ।
ਮੋਦੀ ਆਜ਼ਾਦੀ ਤੋਂ ਬਾਅਦ ਜਨਮੇ ਪਹਿਲੇ ਪ੍ਰਧਾਨ ਮੰਤਰੀ ਹਨ। ਨਾਲ ਹੀ, ਉਹ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਦੋ ਪੂਰੇ ਕਾਰਜਕਾਲ ਸੰਭਾਲੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ ‘ਤੇ ਰਹੇ।
ਲਗਾਤਾਰ 6 ਚੋਣਾਂ ‘ਚ ਪਾਰਟੀ ਨੂੰ ਜਿੱਤ ਦਵਾਈ
ਨਿਊਜ਼ ਏਜੰਸੀ ਨੇ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਮੋਦੀ ਭਾਰਤ ਦੇ ਇਕਲੌਤੇ ਨੇਤਾ ਹਨ, ਜਿਨ੍ਹਾਂ ਨੇ ਲਗਾਤਾਰ ਛੇ ਚੋਣਾਂ ‘ਚ ਪਾਰਟੀ ਦੀ ਅਗਵਾਈ ਕਰਕੇ ਜਿੱਤ ਹਾਸਲ ਕੀਤੀ। ਇਨ੍ਹਾਂ ‘ਚ ਗੁਜਰਾਤ ਵਿਧਾਨ ਸਭਾ ਚੋਣਾਂ 2002, 2007 ਅਤੇ 2012, ਅਤੇ ਲੋਕ ਸਭਾ ਚੋਣਾਂ 2014, 2019 ਅਤੇ 2024 ਸ਼ਾਮਲ ਹਨ।