ਰਜਿੰਦਰ ਸਿੰਘ
ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ, ਰਸਨਾ ਨਾਮੁ ਭਣਾ॥
ਜਿਨਿ ਪਾਇਆ ਪ੍ਰਭੁ ਆਪਣਾ, ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ, ਬਿਰਥਾ ਜਨਮੁ ਜਣਾ॥
ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿਚਿ ਵਣਾ॥ ਸੋ ਪ੍ਰਭੁ ਚਿਤਿ ਨ ਆਵਈ, ਕਿਤੜਾ ਦੁਖੁ ਗਣਾ॥
ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗੁ ਮਣਾ॥ ਹਰਿ ਦਰਸਨ ਕੰਉ ਮਨੁ ਲੋਚਦਾ, ਨਾਨਕ ! ਪਿਆਸ ਮਨਾ॥
ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ॥ ੨॥
ਖਾਲਸੇ ਦੇ ਤਿਉਹਾਰਾਂ ਅਤੇ ਸਿੱਖ ਰਹੁ ਰੀਤਾਂ ਦੀ ਜਦੋਂ ਗੱਲ ਚਲਦੀ ਹੈ ਤਾਂ ਇੱਕ ਨਿਆਰਪਣ ਅਤੇ ਵਿਲੱਖਣਤਾ ਆਪ ਮੁਹਾਰੇ ਹੀ ਇਨ੍ਹਾਂ ਤਿਉਹਾਰਾਂ ਪੁਰਬਾਂ ਵਿੱਚੋਂ ਰੁਮਕਦੀ ਹੈ। ਸਮੁੱਚੇ ਜਗਤ ਵਿੱਚੋਂ ਖਾਲਸੇ ਦਾ ਹਰ ਤਿਉਹਾਰ ਵੱਖਰਾ ਹੈ ਅਤੇ ਇਸ ਦੇ ਨਾਲ ਹੀ ਤਿਉਹਾਰ ਮਨਾਉਣ ਦਾ ਢੰਗ ਤਰੀਕਾ ਵੀ ਵੱਖਰਾ ਹੈ। ਅੱਜ ਜਿਸ ਤਿਉਹਾਰ ਦੀ ਗੱਲ ਕਰਨ ਜਾ ਰਹੇ ਹਾਂ ਉਸ ਦੀ ਸਿੱਖ ਧਰਮ ‘ਚ ਵਿਸ਼ੇਸ਼ ਮਹਾਨਤਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਾਨਕਸ਼ਾਹੀ ਸੰਮਤ ਦੀ ਭਾਵ ਸਿੱਖ ਧਰਮ ਦੇ ਨਵੇਂ ਸਾਲ ਦੀ। 1 ਚੇਤ ਤੋਂ ਖਾਲਸੇ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤਰੀਕੇ ਪਤਝੜ ਤੋਂ ਬਾਅਦ ਬਹਾਰ ਭਾਵ ਬਸੰਤ ਰੁੱਤ ਆਉਂਦੀ ਹੈ ਉਸ ਤਰੀਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੁਰਮਾਨ ਹੈ ਕਿ ਭਾਈ ਸਿੱਖਾ ਉਹ ਪਰਮ ਪਿਤਾ ਪ੍ਰਮਾਤਮਾਂ ਦੀ ਅਰਾਧਣਾ ਕਰ ਜਿਸ ਤਰੀਕੇ ਬਸੰਤ ਰੁੱਤ ਦੇ ਆਉਣ ਨਾਲ ਸਮੁੱਚੀ ਬਨਸਪਤੀ ਹਰੀ ਭਰੀ ਹੋ ਗਈ ਹੈ ਉਸੇ ਤਰੀਕੇ ਤੈਨੂੰ ਵੀ ਗੁਰਬਾਣੀ ਦਾ ਜਾਪ ਕਰਨ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ *ਤੇ ਚੱਲਣ ਨਾਲ ਪਰਮ ਅਨੰਦ ਅਤੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਸਤਿਗੁਰੂ ਜੀ ਫਰਮਾਉਂਦੇ ਹਨ :
ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ, ਰਸਨਾ ਨਾਮੁ ਭਣਾ॥
ਗੁਰੂ ਸਾਹਿਬ ਜੀ ਸਿੱਖ ਨੂੰ ਤਾਕੀਦ ਕਰਦੇ ਹਨ ਕਿ ਭਾਈ ਤੂੰ ਆਪਣਾ ਪਲ ਪਲ ਛਿਣ ਛਿਣ ਉਸ ਪ੍ਰਮਾਤਮਾਂ ਦੀ ਬੰਦਗੀ *ਚ ਗੁਜਾਰ। ਇਸ ਤਰੀਕੇ ਸਿੱਖ ਪੰਥ ਆਪਣਾ ਨਵਾਂ ਸਾਲ ਵੱਖਰੇ ਢੰਗ ਨਾਲ ਮਨਾਉਂਦਾ ਹੈ। ਇਸ ਦਿਨ ਸਿੱਖ ਪੰਥ ਦੀ ਸਭ ਤੋਂ ਸਰਵ ਉੱਚ ਸਟੇਜ਼ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੁੰਦੇ ਹਨ। ਵੱਡੀ ਗਿਣਤੀ *ਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ।
ਗਲੋਬਲ ਪੰਜਾਬ ਟੀ.ਵੀ. ਵੱਲੋਂ ਖਾਲਸੇ ਦੇ ਨਵੇਂ ਸਾਲ ਨਾਨਕਸ਼ਾਹੀ ਸੰਮਤ 555 ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ।