ਨਾਗਾਲੈਂਡ – ਨਾਗਾਲੈਂਡ ਵਿਧਾਨ ਸਭਾ ਨੇ ਰਾਜ ਦੇ ਗਠਨ ਦੇ 58 ਸਾਲਾਂ ‘ਚ ਪਹਿਲੀ ਵਾਰ ਦੇਸ਼ ਦੇ ਰਾਸ਼ਟਰੀ ਗੀਤ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ ਹੈ। ਇੱਕ ਹਫ਼ਤਾ ਪਹਿਲਾਂ ਰਾਜਪਾਲ ਆਰ ਐਨ ਰਵੀ ਦੇ ਸੰਬੋਧਨ ਤੋਂ ਪਹਿਲਾਂ 13 ਵੀਂ ਅਸੈਂਬਲੀ ਦਾ ਸੱਤਵਾਂ ਇਜਲਾਸ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤਾ ਗਿਆ ਸੀ।
ਦੱਸ ਦਈਏ 1 ਦਸੰਬਰ 1963 ਨੂੰ ਨਾਗਾਲੈਂਡ ਰਾਜ ਹੋਂਦ ‘ਚ ਆਇਆ। ਜਨਵਰੀ 1964 ‘ਚ ਪਹਿਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਚੁਣੀ ਗਈ ਸਰਕਾਰ ਹੋਂਦ ‘ਚ ਆਈ ਤੇ 11 ਫਰਵਰੀ 1964 ਨੂੰ ਪਹਿਲੀ ਅਸੈਂਬਲੀ ਬਣਾਈ ਗਈ ਸੀ। ਇਸ ਦੇ ਬਾਵਜੂਦ, ਰਾਜ ਵਿਧਾਨ ਸਭਾ ‘ਚ ‘ਜਨ ਗਣ ਮਨ’ ਦੀ ਧੁਨੀ ਕਦੇ ਨਹੀਂ ਗੂੰਜੀ।
ਇਸਤੋਂ ਇਲਾਵਾ ਅਸੈਂਬਲੀ ਕਮਿਸ਼ਨਰ ਡਾ. ਪੀ ਜੇ ਐਂਟਨੀ ਦਾ ਕਹਿਣਾ ਹੈ ਕਿ ਵਿਧਾਨ ਸਭਾ ‘ਚ ਰਾਸ਼ਟਰੀ ਗੀਤ ਗਾਉਣ ‘ਤੇ ਕੋਈ ਰੋਕ ਨਹੀਂ ਸੀ। ਇਸ ਸਬੰਧੀ ਕੋਈ ਆਰਡਰ ਨਹੀਂ ਹੈ ਕਿ ਇੱਥੇ ਰਾਸ਼ਟਰੀ ਗੀਤ ਕਿਉਂ ਨਹੀਂ ਗਾਇਆ ਗਿਆ। ਇਸ ਵਾਰ ਵਿਧਾਨ ਸਭਾ ਦੇ ਸਪੀਕਰ ਸ਼ਾਰਿੰਗੇਨ ਲੋਂਗਕੁਮੇਰ ਨੇ ਰਾਜਪਾਲ ਦੇ ਸੰਬੋਧਨ ਤੋਂ ਪਹਿਲਾਂ ਰਾਸ਼ਟਰੀ ਗਾਨ ਵਜਾਉਣ ਦਾ ਫੈਸਲਾ ਕੀਤਾ ਤੇ ਇਸ ਦੇ ਲਈ ਮੁੱਖ ਮੰਤਰੀ ਨੀਫਿਯੂ ਰੀਓ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੀ ਗਈ।