ਨਾਗਾਲੈਂਡ : ਨਾਗਾਲੈਂਡ ਦੀ ਮੋਨ ਜ਼ਿਲ੍ਹਾ ਜੇਲ੍ਹ ‘ਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਇੱਥੋਂ 9 ਦੇ ਕਰੀਬ ਕੈਦੀ ਫਰਾਰ ਹੋ ਗਏ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆਂ ਕੈਦੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਬਾਬਤ ਜਾਣਕਾਰੀ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਗੌੜੇ ਕੈਦੀਆਂ ਵਿੱਚ ਅੰਡਰ ਟਰਾਇਲ ਅਤੇ ਕਤਲ ਦੇ ਦੋਸ਼ੀ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਕੈਦੀ ਕਿਸੇ ਤਰ੍ਹਾਂ ਆਪਣੇ ਸੈੱਲਾਂ ਦੀਆਂ ਚਾਬੀਆਂ ਚੋਰੀ ਕਰਨ ਵਿੱਚ ਕਾਮਯਾਬ ਹੋ ਗਏ। ਜਿਸ ਤੋਂ ਬਾਅਦ ਉਹ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸੋਮ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਚੱਲ ਰਹੀ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਹੈ, ਲੁੱਕਆਊਟ ਨੋਟਿਸ ਜਾਰੀ ਕੀਤੇ ਹਨ ਅਤੇ ਵੱਖ-ਵੱਖ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ। ਕੈਦੀਆਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਇਨ੍ਹਾਂ ਫਰਾਰ ਹੋਏ ਕੈਦੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲੀਸ ਨਾਲ ਸੰਪਰਕ ਕਰਨ।