-ਬਲਦੇਵ ਸਿੰਘ ਢਿੱਲੋਂ
ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਾਏ ਕਰਫ਼ਿਊ ਦੇ ਬਾਵਜੂਦ, ਬੀਤੇ ਦਿਨੀਂ ਖ਼ਬਰਾਂ ਵਿਚ ਫਲਾਂ ਅਤੇ ਸਬਜ਼ੀਆਂ ਦੀ ਮੰਡੀ ਵਿਚ ਭਾਰੀ ਭੀੜ ਦੇਖੀ ਗਈ। ਇਸ ਨੇ ਮੈਨੂੰ ਆਪਣੇ ਸਕੂਲੀ ਦਿਨਾਂ ਵਿਚ ਮਿਲਦੀ ਰੋਟੀ-ਪਾਣੀ ਬਾਰੇ ਯਾਦ ਕਰਵਾ ਦਿੱਤਾ।
ਮੈਂ ਇਹ ਗੱਲ ਪੂਰੀ ਤਰ੍ਹਾਂ ਸਮਝਦਾ ਹਾਂ ਕਿ ਸਮੇਂ ਨਾਲ ਸਾਡੇ ਸਮਾਜਿਕ-ਆਰਥਿਕ ਵਰਤਾਰੇ ਦੇ ਨਾਲ-ਨਾਲ ਸਾਡੇ ਖਾਣ-ਪੀਣ ਦੀਆਂ ਆਦਤਾਂ ਅਤੇ ਪੋਸ਼ਣ ਸੰਬੰਧੀ ਸੋਚ ਵਿਚ ਵੱਡੀ ਤਬਦੀਲੀ ਆ ਚੁੱਕੀ ਹੈ। ਪਰ ਇਨ੍ਹਾਂ ਔਖੇ ਦਿਨਾਂ ਵਿੱਚ ਖਬਰਾਂ ਵਿਚ ਦਿਸਦੀ ਭੀੜ ਦੇ ਇਨ੍ਹਾਂ ਦ੍ਰਿਸ਼ਾਂ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਅਤੇ ਆਪਣੇ ਬਚਪਨ ਵੱਲ ਮੋੜ ਦਿੱਤਾ ਹੈ ਜਿੱਥੇ ਖ਼ੁਰਾਕ ਸਾਦੀ ਸੀ ਅਤੇ ਜੀਵਨ ਵਿੱਚ ਸਬਰ-ਸੰਜਮ ਸੀ ।
ਮੈਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਮਾਝੇ ਵਿਚ ਕੀਤੀ। 1952 ਤੋਂ 1963 ਤਕ। ਉਸ ਸਮੇਂ ਸਵੇਰੇ ਗਰਮ ਪਰੌਠੇ, ਅਚਾਰ ਅਤੇ ਮੱਖਣ ਨਾਲ ਮਿਲਦੇ ਅਤੇ ਕਦੇ-ਕਦੇ ਕਿਸਮਤ ਨਾਲ ਉਬਲਿਆ ਆਂਡਾ ਵੀ ਨਾਲ ਮਿਲ ਜਾਂਦਾ। ਦੁਪਹਿਰ ਵੇਲ਼ੇ ਬੀਜੀ (ਬੀਜੀ ਸਾਡੀਆਂ ਪੀੜ੍ਹੀਆਂ ਲਈ ਬੀਬੀ ਜੀ ਦਾ ਸੰਖੇਪ ਰੂਪ, ਪਰ ਮੇਰੇ ਦੇਖਦਿਆਂ-ਦੇਖਦਿਆਂ ਹੈਰਾਨੀਜਨਕ ਬਦਲਾਓ ਨਾਲ ਬਾਅਦ ਵਿਚ ਮੰਮੀ ਜਾਂ ਮਾਮਾ ਬਣ ਗਈ) ਪਰੌਠਾ ਅਤੇ ਅਚਾਰ ਪੋਣੇ ਵਿਚ ਬੰਨ੍ਹ ਕੇ ਦਿੰਦੇ ਜੋ ਸਕੂਲ ਵਿਚ ਦੁਪਹਿਰ ਤੱਕ ਠੰਢਾ ਹੋ ਜਾਂਦਾ ਸੀ। ਲੌਢੇ ਵੇਲੇ ਘਰ ਵਾਪਸ ਆ ਕੇ ਦੁਪਹਿਰ ਦੀਆਂ ਪੱਕੀਆਂ ਰੋਟੀਆਂ ਕਾੜ੍ਹਨੀ ਦੇ ਮਲਾਈ ਵਾਲੇ ਕੋਸੇ ਦੁੱਧ ਨਾਲ ਮਿਲਦੀਆਂ ਜਿਨ੍ਹਾਂ ਨਾਲ ਕਈ ਵਾਰੀ ਸ਼ੱਕਰ ਜਾ ਅਚਾਰ ਵੀ ਮਿਲ ਜਾਂਦਾ ਸੀ। ਸਿਰਫ਼ ਰਾਤ ਦੇ ਖਾਣੇ ਵੇਲੇ ਹੀ ਸਾਨੂੰ ਗਰਮ ਰੋਟੀ ਅਤੇ ਦਾਲ ਜਾਂ ਸਬਜ਼ੀ ਮਿਲਦੀ ਸੀ। ਐਤਵਾਰ ਅਤੇ ਦੂਜੇ ਸ਼ਨੀਚਰਵਾਰ ਅਤੇ ਛੁੱਟੀਆਂ ਵਿਚ ਹੀ ਮੈਨੂੰ ਰੋਟੀ ਨਾਲ ਦੋ ਵੇਲੇ ਗਰਮ ਦਾਲ ਜਾਂ ਸਬਜ਼ੀ ਨਸੀਬ ਹੁੰਦੀ ਸੀ। ਮੈਂ ਆਪਣੇ ਬਹੁਤੇ ਜਮਾਤੀਆਂ ਨਾਲੋਂ ਇਸ ਮਾਮਲੇ ਵਿਚ ਖੁਸ਼ਕਿਸਮਤ ਸਾਂ। ਮੇਰੇ ਪਿਤਾ ਪੜ੍ਹੇ-ਲਿਖੇ, ਵੈਟਨਰੀ ਮਹਿਕਮੇ ਵਿਚ ਕੰਮ ਕਰਦੇ ਰਹੇ ਸਨ, ਪਿੰਡ ਦੇ ਪਹਿਲੇ ਸਰਪੰਚ ਚੁਣੇ ਗਏ ਸਨ ਅਤੇ ਉਹਨਾਂ ਕੋਲ਼ ਪਿੰਡ ਵਿਚ ਸਭ ਤੋਂ ਜ਼ਿਆਦਾ ਜ਼ਮੀਨ ਸੀ।
ਆਰਥਿਕ ਵਿਕਾਸ ਨਾਲ ਸਾਡੇ ਖਾਣ-ਪੀਣ ਵਿਚ ਤਬਦੀਲੀਆਂ ਆਈਆਂ। ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਵਿਚ ਵਾਧਾ ਹੋਇਆ ਅਤੇ ਇਹ ਸਾਡੇ ਭੋਜਨ ਦਾ ਜਰੂਰੀ ਹਿੱਸਾ ਬਣ ਗਏ । ਇਹ ਨਾ ਸਿਰਫ਼ ਪੋਸ਼ਣ ਦੇ ਪੱਖ ਤੋਂ ਬਲਕਿ ਭੋਜਨ ਦੀ ਭਰਪੂਰਤਾ ਪੱਖੋਂ ਵੀ ਚੰਗਾ ਬਦਲਾਅ ਹੈ। ਆਰਥਿਕ ਵਿਕਾਸ ਨਾਲ ਜੇ ਕੋਈ ਅਜਿਹਾ ਕਰਨ ਦੇ ਸਮਰੱਥ ਹੋਵੇ ਤਾਂ ਕੋਈ ਕਾਰਨ ਨਹੀਂ ਕਿ ਉਸਨੂੰ ਐਸਾ ਭੋਜਨ ਨਹੀਂ ਖਾਣਾ ਚਾਹੀਦਾ।
ਪਰ ਅੱਜ ਅਸੀਂ ਕੋਰੋਨਾ ਮਹਾਂਮਾਰੀ ਦੇ ਰੂਪ ਵਿਚ ਇਕ ਮਾਰੂ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਇਹ ਵਿਸ਼ਾਣੂ ਬੁਰੀ ਤਰ੍ਹਾਂ ਨਾਲ ਫੈਲਿਆ ਹੈ। ਵਿਕਸਿਤ ਦੁਨੀਆਂ ਨੂੰ ਵੀ ਇਸ ਬਿਮਾਰੀ ਨੇ ਹਿਲਾ ਕੇ ਰੱਖ ਦਿੱਤਾ ਹੈ, ਜਿੱਥੇ ਸਿਹਤ ਸੇਵਾਵਾਂ ਸਾਡੇ ਨਾਲੋਂ ਕਿਤੇ ਵਧੀਆ ਹਨ। ਇਸ ਸਮੱਸਿਆ ਤੋਂ ਬਚਾਅ ਲਈ ਸਰਕਾਰ ਨੇ ਸਮੇਂ ਸਿਰ ਕੁਝ ਕਦਮ ਉਠਾਏ ਹਨ ਇਨ੍ਹਾਂ ਵਿਚ ਇਕ ਦੂਜੇ ਨਾਲੋਂ ਸ਼ਰੀਰਕ ਦੂਰੀ ਬਣਾ ਕੇ ਰੱਖਣਾ ਸਭ ਤੋਂ ਪ੍ਰਮੁੱਖ ਤਰੀਕਾ ਹੈ ਪਰ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਕੇ ਇਸ ਮਹਾਮਾਰੀ ਨੂੰ ਸੱਦਾ ਦੇ ਰਹੇ ਹਾਂ। ਇਸ ਅਣਗਹਿਲੀ ਕਾਰਨ ਅਨੇਕਾਂ ਲੋਕਾਂ ਨੂੰ ਇਹ ਬੀਮਾਰੀ ਲੱਗ ਰਹੀ ਹੈ ਅਤੇ ਕਈਆਂ ਦੀਆਂ ਕੀਮਤੀ ਜਾਨਾਂ ਗਈਆਂ ਹਨ। ਕੀ ਅਸੀਂ ਇਸ ਤੋਂ ਕੋਈ ਸਬਕ ਨਹੀਂ ਲਿਆ?
ਮੈਨੂੰ ਅਖਬਾਰਾਂ ਵਿਚ ਇਹ ਤਸਵੀਰਾਂ ਦੇਖ ਕੇ ਵੀ ਹੈਰਾਨੀ ਹੋਈ ਜਿਸ ਵਿਚ ਇਕ ਪੁਲਿਸ ਮੁਲਾਜ਼ਮ ਇਕ ਔਰਤ ਨੂੰ ਕੇਕ ਫੜਾ ਰਿਹਾ ਸੀ। ਉਹ ਪਰਿਵਾਰ ਆਪਣੇ ਪੁੱਤਰ ਦਾ ਪਹਿਲਾ ਜਨਮ ਦਿਨ ਮਨਾਉਣਾ ਚਾਹੁੰਦਾ ਸੀ। ਮੈਂ ਇਸ ਮੌਕੇ ਦੀ ਖੁਸ਼ੀ ਨੂੰ ਸਮਝਦਾ ਹਾਂ ਪਰ ਅਜਿਹੇ ਔਖੇ ਵੇਲ਼ੇ, ਇਸ ਤਰ੍ਹਾਂ ਦੀ ਮੰਗ ਦੀ ਤਾਰੀਫ਼ ਕਰਨੀ ਮੇਰੇ ਲਈ ਬਹੁਤ ਮੁਸ਼ਕਿਲ ਹੈ ਜਦੋਂ ਪੁਲਿਸ ਕੋਲ਼ ਹੋਰ ਅਤਿ ਜਰੂਰੀ ਕੰਮ ਹਨ ਅਤੇ ਉਹ ਹਰ ਵੇਲ਼ੇ ਅਹਿਮ ਜਿੰਮੇਵਾਰੀਆਂ ਨਿਭਾਉਣ ਲਈ ਦਿਨ ਰਾਤ ਜੂਝ ਰਹੀ ਹੈ। ਇਸ ਘਟਨਾ ਨਾਲ ਜੁੜੀ ਪੁਲਿਸ ਦੀ ਸਦਭਾਵਨਾ ਵੀ ਸਮਝ ਆਉਂਦੀ ਹੈ ਪਰ ਜੇਕਰ ਮੈਂ ਪੁਲਿਸ ਵਿਚ ਹੁੰਦਾ ਤੇ ਮੈਨੂੰ ਅਜਿਹਾ ਕੁਝ ਕਰਨਾ ਪੈਂਦਾ, ਇਹ ਸਭ ਕਰ ਵੀ ਦਿੰਦਾ, ਪਰ ਮੇਰਾ ਮਨ ਖੁਸ਼ ਨਹੀਂ ਸੀ ਹੋਣਾ। ਮੈਨੂੰ ਆਪਣੇ ਵਰਗੇ ਹੋਰ ਲੋਕਾਂ ਬਾਰੇ ਹੈਰਾਨੀ ਹੁੰਦੀ ਜਿਨ੍ਹਾਂ ਨੂੰ ਆਪਣੀ ਅਸਲ ਜਨਮ ਤਰੀਕ ਦਾ ਪਤਾ ਨਹੀਂ ਅਤੇ ਜਿਨ੍ਹਾਂ ਨੇ ਕਦੇ ਆਪਣਾ ਜਨਮਦਿਨ ਵੀ ਨਹੀਂ ਮਨਾਇਆ, ਉਹ ਵੀ ਜ਼ਿੰਦਾ ਹਨ। ਮੇਰਾ ਸਵਾਲ ਹੈ ਸਾਡੀਆਂ ਲੋੜਾਂ ਕੀ ਹਨ ਅਤੇ ਸਾਡੀ ਤਰਜੀਹ ਕੀ ਹੈ ?
ਇਕ ਲੋਕਤੰਤਰੀ ਸਮਾਜ ਵਜੋਂ, ਇਸ ਸੰਕਟ ਸਮੇਂ ਸਾਡੀ ਸਥਿਤੀ ਚੀਨ ਨਾਲੋਂ ਵਖਰੀ ਹੈ ਅਤੇ ਬਾਕੀ ਵਿਕਸਿਤ ਸਮਾਜਾਂ ਦੇ ਵਧੇਰੇ ਨੇੜੇ ਹੈ। ਚੀਨ ਸਖ਼ਤ ਪਾਬੰਦੀਆਂ ਲਾਗੂ ਕਰ ਸਕਦਾ ਹੈ ਪਰ ਲੋਕਤੰਤਰੀ ਦੇਸ਼ ਨਹੀਂ ਕਰ ਸਕਦਾ। ਵਿਕਸਿਤ ਦੁਨੀਆ ਦੇ ਤਜਰਬੇ ਅਨੁਸਾਰ ਕੋਰੋਨਾ ਵਾਇਰਸ ਜੇਕਰ ਜੰਗ ਨਹੀਂ ਤਾਂ ਲੰਮੀ ਲੜਾਈ ਤੋਂ ਘੱਟ ਨਹੀਂ। ਇਸ ਲਈ ਬਚਾਅ ਦੇ ਤਰੀਕੇ ਪੂਰੇ ਕਾਇਦੇ ਨਾਲ ਅਪਨਾਉਣੇ ਪੈਣਗੇ । ਰੱਬ ਨਾ ਕਰੇ, ਇਹ ਵੀ ਹੋ ਸਕਦਾ ਹੈ ਕਿ ਮੁੱਢਲੀਆਂ ਲੋੜਾਂ ਨਾਲ ਹੀ ਜਿਊਣਾ ਪਵੇ ਜਿਸ ਵਿਚ ਦਾਲ-ਰੋਟੀ, ਏਥੋਂ ਤੱਕ ਕਿ ਅਚਾਰ-ਰੋਟੀ ਵੀ ਹੋ ਸਕਦੀ ਹੈ। ਸਾਨੂੰ ਧਿਆਨ ਦੇਣਾ ਪਵੇਗਾ ਕਿ ਭੀੜ ਵਿਚ ਜਾ ਕੇ ਸਬਜ਼ੀਆਂ ਅਤੇ ਫਲਾਂ ਦੀ ਖਰੀਦਦਾਰੀ ਅਸੀਂ ਆਪਣੀ, ਸਮਾਜ ਅਤੇ ਦੇਸ਼ ਦੀ ਕੀਮਤ ‘ਤੇ ਤਾਂ ਨਹੀਂ ਕਰ ਰਹੇ ? ਅਸੀ ਕਿਸੇ ਵੀ ਭੀੜ ਦਾ ਹਿੱਸਾ ਬਣ ਕੇ ਇਸ ਮਾਰੂ ਰੋਗ ਦੇ ਵਾਧੇ ਦਾ ਕਾਰਣ ਤਾ ਨਹੀਂ ਬਣ ਰਹੇ? ਇਸ ਦੌਰਾਨ ਸਭ ਤੋਂ ਕਾਰਗਰ ਤਰੀਕਾ ‘ਸਰੀਰਕ ਵਿੱਥ’ ਬਣਾਈ ਰੱਖਣਾ ਹੈ ਪਰ ਮੈਨੂੰ ਸਮਝ ਨਹੀਂ ਲਗਦੀ ਕਿ ਅਸੀ ਇਸ ਨੂੰ ਨਜ਼ਰ-ਅੰਦਾਜ਼ ਕਰਕੇ ਜੀਵਨ ਨੂੰ ਖ਼ਤਰੇ ਵਿੱਚ ਕਿਉਂ ਪਾ ਰਹੇ ਹਾਂ!
ਇਹ ਨਾ ਭੁੱਲੀਏ ਕਿ,
ਜਾਨ ਹੈ ਤਾਂ ਜਹਾਨ ਹੈ,
ਅਤੇ ਜਾਨ ਹੈ ਤਾਂ ਪਕਵਾਨ ਹੈ!
(ਵਾਈਸ ਚਾਂਸਲਰ, ਪੀ.ਏ.ਯੂ.)
ਸੰਪਰਕ: 9501107400