ਨਿਊਜ਼ ਡੈਸਕ: ਜੇਕਰ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਹਨ ਜਾਂ ਤੁਰਨ-ਫਿਰਨ ਲੱਗੇ ਮਾਸਪੇਸ਼ੀਆਂ ‘ਚ ਗਤੀ ਸੰਤੁਲਨ ਕਾਇਮ ਨਹੀਂ ਹੋ ਰਿਹਾ ਤਾਂ ਤੁਸੀਂ ‘ਲੋਕੋਮੋਟਿਵ ਸਿੰਡਰੋਮ’ ਦਾ ਸ਼ਿਕਾਰ ਹੋ ਸਕਦੇ ਹੋ।
ਆਖਿਰ ਕੀ ਹੈ ਲੋਕੋਮੋਟਿਵ ਸਿੰਡਰੋਮ ?
ਮਨੁੱਖੀ ਸਰੀਰ ‘ਚ ਗਤੀ ਦੀ ਸਮੱਸਿਆ ਨੂੰ ਲੋਕੋਮੋਟਿਵ ਸਿੰਡਰੋਮ ਕਿਹਾ ਜਾਂਦਾ ਹੈ। ਮਨੁੱਖੀ ਸਰੀਰ ‘ਚ ਮਜ਼ਬੂਤ ਮਾਸਪੇਸ਼ੀਆਂ ਤੇ ਤੰਤੂਆਂ ਦੀ ਮਦਦ ਨਾਲ ਹੀ ਸਰੀਰ ਦੀ ਗਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਸਾਡੇ ਸਰੀਰ ਨੂੰ ਤੁਰਨ ਵੇਲੇ ਮੁੱਖ ਤੌਰ ‘ਤੇ ਲੱਤਾਂ, ਰੀੜ ਦੀ ਹੱਡੀ ਤੇ ਗੋਡਿਆਂ ਦੇ ਵਿਚਕਾਰ ਸਹੀ ਤਾਲਮੇਲ ਬਣਾਉਣਾ ਪੈਂਦਾ ਹੈ। ਇਨ੍ਹਾਂ ਦੇ ਤਾਲਮੇਲ ਨਾਲ ਹੀ ਮਨੁੱਖੀ ਸਰੀਰ ਦੋਵੇਂ ਲੱਤਾ ਨਾਲ ਤੁਰਨ ਦੇ ਯੌਗ ਬਣ ਸਕਦਾ ਹੈ।
ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਮਨੁੱਖੀ ਸਰੀਰ ‘ਚ 40 ਸਾਲ ਦੀ ਉੱਮਰ ਤੋਂ ਬਾਅਦ ਕੁਝ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਨੂੰ ਡੀਜਨਰੇਟਿਵ ਬਦਲਾਅ ਕਿਹਾ ਜਾਂਦਾ ਹੈ। ਰੀੜ ਦੀ ਹੱਡੀ ‘ਚ ਲੰਬਰ ਕੈਨਲ ਸਟੇਨੋਸਿਸ ਤੇ ਕਮਰ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਜਾਂ ਉਨ੍ਹਾਂ ‘ਤੇ ਦਬਾਅ ਪੈਣਾ ਆਦਿ ਡੀਜਨਰੇਟਿਵ ਬਦਲਾਅ ਦੀਆਂ ਮੁੱਖ ਨਿਸ਼ਾਨੀਆਂ ਹਨ। ਇਹ ਮਾਨਸਿਕ ਵਿਕਾਰ ਦੀ ਇੱਕ ਕਿਸਮ ਹੈ ਜੋ ਉਮਰ ਦੇ ਵੱਧਣ ਕਾਰਨ ਦਿਮਾਗ ‘ਚ ਹੋਣ ਵਾਲੇ ਬਦਲਾਅ ਕਾਰਨ ਹੁੰਦੀ ਹੈ।
ਜੋੜਾਂ ‘ਚ ਦਰਦ, ਜੋੜਾਂ ‘ਚ ਅਸੰਤੁਲਨ ਤੇ ਜਕੜਨ ਦਾ ਹੋਣਾ ਲੋਕੋਮੋਟਿਵ ਸਿੰਡਰੋਮ ਦੇ ਲੱਛਣ ਹਨ। ਇਸ ਤੋਂ ਇਲਾਵਾ ਪੈਰ ਤੇ ਕਮਰ ‘ਚ ਦਰਦ, ਬੈਠਣ-ਉੱਠਣ ਲੱਗਿਆ ਮਾਸਪੇਸ਼ੀਆਂ ‘ਚ ਦਰਦ ਹੋਣਾ ਤੇ ਮਾਸਪੇਸ਼ੀਆਂ ‘ਚ ਕਮਜ਼ੋਰੀ ਮਹਿਸੂਸ ਹੋਣਾ ਆਦਿ ਵੀ ਇਸ ਸਿੰਡਰੋਮ ਦੇ ਲੱਛਣ ਹਨ।
ਮੌਜੂਦਾ ਸਮੇਂ ਦੇਸ਼ ‘ਚ 40 ਸਾਲ ਤੋਂ ਘੱਟ ਉਮਰ ਦੀ ਆਬਾਦੀ ਜ਼ਿਆਦਾ ਹੈ। ਭਵਿੱਖ ‘ਚ ਨੌਜਵਾਨਾਂ ਦੀ ਇਹ ਆਬਾਦੀ ਮੱਧ ਉਮਰ ਦੀ ਸ਼੍ਰੇਣੀ ‘ਚ ਆ ਜਾਵੇਗੀ। ਇਸ ਉਮਰ ‘ਚ ਡੀਜਨਰੇਟਿਵ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਜੇਕਰ ਅਸੀਂ ਇਸ ਸਮੱਸਿਆ ਨੂੰ ਸਮੇਂ ਸਿਰ ਨਹੀਂ ਸਮਝਦੇ ਤਾਂ ਭਵਿੱਖ ‘ਚ ਇਸ ਦੇ ਮਾੜੇ ਪ੍ਰਭਾਵ ਭੁਗਤਣੇ ਪੈ ਸਕਦੇ ਹਨ। ਜਪਾਨ ਵਰਗੇ ਵਿਕਸਤ ਦੇਸ਼ਾਂ ‘ਚ ਵੀ ਉੱਥੋਂ ਦੀ ਜ਼ਿਆਦਾਤਰ ਆਬਾਦੀ ਮੱਧ ਵਰਗ ਤੇ ਬੁੱਢਾਪੇ ਵੱਲ ਵੱਧ ਰਹੀ ਹੈ। ਜਿਸ ਕਾਰਨ ਉਥੋਂ ਦੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਕ ਅਧਿਐਨ ‘ਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਆਮ ਜੀਵਨ ‘ਚ ਘੱਟ ਤੁਰਦੇ-ਫਿਰਦੇ ਹਨ, ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਹਮੇਸ਼ਾ ਆਪਣੇ ਸਰੀਰ ਨੂੰ ਤੰਦਰੁਸਤ ਤੇ ਚੱਲਦਾ-ਫਿਰਦਾ ਰੱਖਣਾ ਚਾਹੀਦਾ ਹੈ।