ਮੋਹਾਲੀ: ਮੋਹਾਲੀ ਨਗਰ ਨਿਗਮ ਨੇ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਮੰਤਰਾਲੇ ਵੱਲੋਂ ਕਰਵਾਏ ਗਏ ਸਵੱਛ ਸਰਵੇਖਣ 2023 ਵਿਚ ‘ਰਾਜ ਪੱਧਰ ਵਰਗ’ ਪੁਰਸਕਾਰ ਜਿੱਤ ਕੇ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਨਵੀਂ ਦਿੱਲੀ ਵਿਖੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਨਗਰ ਨਿਗਮ ਦੀ ਸਫਾਈ ਦੇ ਖੇਤਰ ਵਿਚ ਅਣਥੱਕ ਯਤਨ ਕਰਨ ਵਾਲੀ ਸਮੁੱਚੀ ਟੀਮ ਦੀ ਨੁਮਾਇੰਦਗੀ ਕਰਦਿਆਂ ਇਹ ਐਵਾਰਡ ਪ੍ਰਾਪਤ ਕੀਤਾ।
ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਨੇ ਸਮੁੱਚੀ ਸਫ਼ਾਈ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰਿਆਂ ਦੇ ਸਮੂਹਿਕ ਸਮਰਪਣ ਕਾਰਨ ਹੀ ਸੰਬਵ ਹੋ ਸਕਿਆ ਹੈ। ਉਹਨਾਂ ਇਸ ਟੀਮ ਉਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਮੋਹਾਲੀ ਹੁਣ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਮੋਹਰੀ ਹੈ। ਮੇਅਰ ਨੇ ਆਸ ਪ੍ਰਗਟ ਕੀਤੀ ਕਿ ਮੋਹਾਲੀ ਨਗਰ ਨਿਗਮ ਵਲੋਂ ਸ਼ੁਰੂ ਕੀਤੇ ਗਈਆਂ ਵੱਖ ਵੱਖ ਮੁਹਿੰਮਾਂ ਖਾਸ ਕਰ ਕੇ ਸਫ਼ਾਈ ਮੁਹਿੰਮ ਦੂਜੀਆਂ ਨਗਰ ਨਿਗਮਾਂ ਤੇ ਨਗਰ ਪਾਲਿਕਾਵਾਂ ਲਈ ਇਕ ਨਮੂਨਾ ਬਣਨਗੀਆਂ।
ਇਹ ਪੁਰਸਕਾਰ, ਵੀਰਵਾਰ ਨੂੰ ਭਾਰਤ ਮੰਡਪ, ਆਈਟੀਪੀਓ, ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਪ੍ਰਦਾਨ ਕੀਤਾ ਗਿਆਂ ਜੋ ਮੋਹਾਲੀ ਨਗਰ ਨਿਗਮ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਮੇਅਰ ਜੀਤੀ ਨੇ ਸਫ਼ਾਈ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਨਿਗਮ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਜਨਤਕ ਪਖਾਨੇ ਸਮੇਤ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਸਫ਼ਾਈ ਖੇਤਰ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਮੇਅਰ ਜੀਤੀ ਨੇ ਭਰੋਸਾ ਦਿਵਾਇਆ ਕਿ ਮੁੱਖ ਸੜਕਾਂ ਲਈ ਮਸ਼ੀਨੀ ਸਫ਼ਾਈ ਦੀ ਸ਼ੁਰੂਆਤ ਇਨਕਲਾਬੀ ਕਦਮ ਸਾਬਤ ਹੋਵੇਗੀ, ਜਿਸ ਨਾਲ ਮੋਹਾਲੀ ਨੂੰ ਕੌਮੀ ਪੱਧਰ ‘ਤੇ ਸਵੱਛ ਭਾਰਤ ਰੈਂਕਿੰਗ ਵਿੱਚ ਉੱਤਮ ਸਥਾਨ ਬਣਾਵੇਗੀ। ਉਹਨਾਂ ਕਿਹਾ ਕਿ ਮੋਹਾਲੀ ਨੂੰ ‘ਕੂੜਾ-ਮੁਕਤ ਸ਼ਹਿਰ’ ਬਣਾਉਣ ਦੀ ਵਚਨਬੱਧਤਾ ਦੇ ਨਤੀਜੇ ਵਜੋਂ ਨਗਰ ਨਿਗਮ ਨੇ ‘ਜ਼ੀਰੋ’ ਦਾ ਸ਼ਲਾਘਾਯੋਗ ਟੀਚਾ ਹਾਸਲ ਕਰ ਲਿਆ ਹੈ।
ਮੇਅਰ ਨੇ ਮੋਹਾਲੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।