ਮੁੰਬਈ ਕ੍ਰਾਈਮ ਬ੍ਰਾਂਚ ਅਮਰੀਕਾ ਜਾਣ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਠੱਗਣ ਅਤੇ “ਡੌਂਕੀ ਰੂਟ” ਰਾਹੀਂ ਭੇਜੇ ਗਏ 80 ਭਾਰਤੀਆਂ ਨੂੰ ਲੱਭਣ ਦੀ ਤਿਆਰੀ ਕਰ ਰਹੀ ਹੈ। ਮੁੰਬਈ ਪੁਲਿਸ, ਕਾਨੂੰਨੀ ਮਾਧਿਅਮ ਰਾਹੀਂ, ਇਹ ਜਾਣਕਾਰੀ ਕੇਂਦਰੀ ਏਜੰਸੀ ਅਤੇ ਫਿਰ ਉਨ੍ਹਾਂ ਰਾਹੀਂ ਅਮਰੀਕੀ ਅਥਾਰਟੀ ਨਾਲ ਸਾਂਝੀ ਕਰੇਗੀ।
ਇੰਟੈਲੀਜੈਂਸ ਬਿਊਰੋ (IB) ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ 8 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਪਿਛਲੇ 3 ਸਾਲਾਂ ਵਿੱਚ 80 ਨੌਜਵਾਨਾਂ ਨੂੰ ਫ਼ਰਜ਼ੀ ਵੀਜ਼ਾ ਰਾਹੀਂ ਕੈਨੇਡਾ, ਤੁਰਕੀ, ਪੋਲੈਂਡ ਅਤੇ UAE ਭੇਜ ਚੁੱਕੇ ਸਨ। ਸੂਤਰਾਂ ਮੁਤਾਬਕ, ਏਜੰਸੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਅੱਗੇ “ਡੌਂਕੀ ਰੂਟ” ਰਾਹੀਂ ਅਮਰੀਕਾ ਭੇਜਿਆ ਗਿਆ ਹੈ।
ਅਮਰੀਕਾ ਭੇਜਣ ਲਈ ਲੈਂਦੇ ਸਨ 30-60 ਲੱਖ ਰੁਪਏ!
ਕ੍ਰਾਈਮ ਬ੍ਰਾਂਚ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਨੌਜਵਾਨ ਜ਼ਿਆਦਾਤਰ ਗੁਜਰਾਤ, ਪੰਜਾਬ ਅਤੇ ਹਰਿਆਣਾ ਤੋਂ ਹਨ। ਆਰੋਪੀ ਉਨ੍ਹਾਂ ਨੂੰ ਅਮਰੀਕਾ ਪਹੁੰਚਣ ਦਾ ਸੁਪਨਾ ਵੇਖਾ ਕੇ 30-60 ਲੱਖ ਰੁਪਏ ਲੈਂਦੇ ਸਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ‘ਤੇ ਕੋਈ ਨਾਂ ਕੋਈ ਕਾਨੂੰਨੀ ਮਾਮਲਾ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਦਾ। ਇਹਨਾਂ ਏਜੰਟਾਂ ਨੇ ਇਨ੍ਹਾਂ ਲੋਕਾਂ ਨੂੰ ਕੈਨੇਡਾ ਭੇਜਣ ਲਈ ਲਗਭਗ 50 ਲੱਖ ਰੁਪਏ ਲਏ ਅਤੇ ਉਨ੍ਹਾਂ ਲਈ ਫ਼ਰਜ਼ੀ ਵੀਜ਼ਾ ਤਿਆਰ ਕੀਤਾ।
ਇਹ ਲੋਕ ਪਹਿਲਾਂ ਕੈਨੇਡਾ ਪਹੁੰਚਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਿਆ ਜਾਂਦਾ ਹੈ। ਕੈਨੇਡਾ ਤੋਂ ਅਮਰੀਕਾ ਪਹੁੰਚਣ ਵਿੱਚ 12-13 ਦਿਨ ਲੱਗਦੇ ਹਨ।
ਤੁਰਕੀ ਰਾਹੀਂ ਅਮਰੀਕਾ ਭੇਜਣ ਲਈ ਇਹ ਏਜੰਟ ਲਗਭਗ 35 ਲੱਖ ਰੁਪਏ ਲੈਂਦੇ ਸਨ। ਤੁਰਕੀ ਤੋਂ ਅਮਰੀਕਾ ਡੌਂਕੀ ਰੂਟ ਰਾਹੀਂ ਪਹੁੰਚਣ ਵਿੱਚ ਲਗਭਗ 10 ਦਿਨ ਲੱਗਦੇ ਹਨ।
ਇਸ ਮਾਮਲੇ ਦਾ ਮੁੱਖ ਮੁਲਜ਼ਮ ਅਜੀਤ ਪੁਰੀ ਹੈ ਅਤੇ ਦੂਜਾ ਰੋਸ਼ਨ ਦੁਧਵਾਂਕਰ ਹੈ। ਰੋਸ਼ਨ ਵਿਰੁੱਧ ਇਸ ਤਰ੍ਹਾਂ ਦੀ ਮਨੁੱਖੀ ਤਸਕਰੀ ਲਈ 12 ਮਾਮਲੇ ਦਰਜ ਹਨ। ਅਪਰਾਧ ਸ਼ਾਖਾ ਹੁਣ ਇਸ ਮਾਮਲੇ ਵਿੱਚ ਬੀਐਨਐਸ ਵਿੱਚ ਧਾਰਾ 111 (ਸੰਗਠਿਤ ਅਪਰਾਧ) ਜੋੜਨ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਵਿਰੁੱਧ ਕੇਸ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਸਕੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।