ਮੁੰਬਈ: ਸੁਸ਼ਾਂਤ ਸਿੰਘ ਮਾਮਲੇ ਨਾਲ ਜੁੜੇ ਡਰਗਸ ਕੇਸ ਵਿੱਚ ਜੇਲ੍ਹ ‘ਚ ਬੰਦ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਵੱਡਾ ਝਟਕਾ ਲੱਗਿਆ ਹੈ। ਜੇਲ੍ਹ ‘ਚ ਬੰਦ ਰਿਆ, ਸ਼ੌਵਿਕ ਸਣੇ ਹੋਰ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਮੁੰਬਈ ਦੀ ਸਪੈਸ਼ਲ ਕੋਰਟ ਨੇ ਰਿਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ, ਦੀਪੇਸ਼ ਸਾਵੰਤ, ਸੈਮੂਅਲ ਮਿਰਾਂਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ। ਇਨ੍ਹਾਂ ਸਭ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰਗਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ।
22 ਸਤੰਬਰ ਤੱਕ ਮੁੰਬਈ ਦੀ ਭਾਇਖਲਾ ਜੇਲ੍ਹ ਵਿੱਚ ਬੰਦ ਰਿਆ ਨੇ ਆਪਣੀ ਜ਼ਮਾਨਤ ਲਈ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਲਾਈ ਸੀ, ਜਿਸ ‘ਤੇ ਕੋਰਟ ਨੇ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰਗਸ ਮਾਮਲੇ ਵਿੱਚ ਗ੍ਰਿਫ਼ਤਾਰ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਦੀ ਜ਼ਮਾਨਤ ਅਰਜ਼ੀਆਂ ‘ਤੇ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਪੂਰੀ ਕਰ ਲਈ ਸੀ ਅਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਮੁੰਬਈ ਦੀ ਵਿਸ਼ੇਸ਼ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕਿਹਾ ਕਿ ਅਸੀਂ ਕੋਰਟ ਦੇ ਆਦੇਸ਼ ਦੀ ਕਾਪੀ ਦਾ ਇੰਤਜ਼ਾਰ ਕਰ ਰਹੇ ਹਾਂ, ਮਿਲਣ ਤੋਂ ਬਾਅਦ ਅਗਲੇ ਹਫਤੇ ਤੱਕ ਇਸ ਮਾਮਲੇ ਵਿੱਚ ਹਾਈ ਕੋਰਟ ਜਾਣ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ।