ਮੁੰਬਈ : ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਕ ਦਿਨ ਵਿਚ ਵੱਖ-ਵੱਖ ਮਾਮਲਿਆਂ ਵਿਚ 7.87 ਕਰੋੜ ਰੁਪਏ ਦਾ 15 ਕਿਲੋ ਸੋਨਾ ਅਤੇ 22 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਇਨ੍ਹਾਂ ਮਾਮਲਿਆਂ ਵਿੱਚ ਸੱਤ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ਦੇ ਅਧਿਕਾਰੀਆਂ ਨੇ ਦੁਬਈ ਤੋਂ ਮੁੰਬਈ ਪਹੁੰਚੇ ਇੱਕ ਭਾਰਤੀ ਨਾਗਰਿਕ ਤੋਂ 5.20 ਕਰੋੜ ਰੁਪਏ ਦਾ 9.895 ਕਿਲੋ ਸੋਨਾ ਜ਼ਬਤ ਕੀਤਾ। ਇਹ ਸੋਨਾ ਨੌ ਜੇਬਾਂ ਵਾਲੀ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਚੈਸਟ ਬੈਲਟ ਵਿਚ ਰੱਖਿਆ ਗਿਆ ਸੀ।
ਯਾਤਰੀ ਨੇ ਖੁਲਾਸਾ ਕੀਤਾ ਹੈ ਕਿ ਇਹ ਸੋਨਾ ਦੁਬਈ ਦੇ ਦੋ ਸੂਡਾਨੀ ਯਾਤਰੀਆਂ ਨੇ ਉਸ ਨੂੰ ਸੌਂਪਿਆ ਸੀ। ਜਾਣਕਾਰੀ ਮੁਤਾਬਿਕ ਸੂਡਾਨੀ ਯਾਤਰੀਆਂ ਨੂੰ ਵੀ ਰੋਕ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਤਿੰਨਾਂ ਯਾਤਰੀਆਂ ਨੂੰ ਗ੍ਰਿਫਤਾਰ ਕਰਕੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਜਿਹੇ ਹੀ ਇਕ ਹੋਰ ਮਾਮਲੇ ਵਿਚ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਕ ਭਾਰਤੀ ਨਾਗਰਿਕ ਕੋਲੋਂ ਪਾਊਡਰ ਦੇ ਰੂਪ ਵਿਚ 1.875 ਕਿਲੋ ਸੋਨਾ, ਜਿਸ ਦੀ ਕੀਮਤ 99.75 ਲੱਖ ਰੁਪਏ ਹੈ, ਬਰਾਮਦ ਕੀਤਾ ਗਿਆ ਹੈ। ਇਹ ਯਾਤਰੀ ਇੰਡੀਗੋ ਦੀ ਫਲਾਈਟ ਰਾਹੀਂ ਚੇਨਈ ਤੋਂ ਮੁੰਬਈ ਆਇਆ ਸੀ।
ਉਸਨੇ ਸੋਨੇ ਦੀ ਧੂੜ ਆਪਣੇ ਅੰਡਰਗਾਰਮੈਂਟਸ ਵਿੱਚ ਲੁਕਾ ਦਿੱਤੀ। ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਦੋ ਭਾਰਤੀ ਯਾਤਰੀਆਂ ਕੋਲੋਂ 1068 ਅਤੇ 1185 ਗ੍ਰਾਮ ਸੋਨਾ, ਜੋ ਕਿ ਪਾਊਡਰ ਦੇ ਰੂਪ ਵਿੱਚ ਸੀ, ਬਰਾਮਦ ਕੀਤਾ ਗਿਆ ਹੈ। ਇਸ ਦੀ ਕੀਮਤ 56,81,760 ਰੁਪਏ ਅਤੇ 58,78,600 ਰੁਪਏ ਰੱਖੀ ਗਈ ਹੈ। ਇਹ ਭਾਰਤੀ ਯਾਤਰੀ ਜੇਦਾਹ ਤੋਂ ਸਾਊਦੀਆ ਦੀ ਐਸਵੀ 772 ਫਲਾਈਟ ਵਿੱਚ ਆਏ ਸਨ। ਉਨ੍ਹਾਂ ਨੇ ਆਪਣੇ ਅੰਡਰਗਾਰਮੈਂਟਸ ਵਿੱਚ ਸੋਨੇ ਦੀ ਧੂੜ ਦੇ ਪੈਕਟ ਲੁਕਾਏ ਹੋਏ ਸਨ।