ਨਵੀਂ ਦਿੱਲੀ : ਆਜ਼ਾਦੀ ਦਿਹਾੜੇ ਦੇ ਸਮਾਗਮ ਦਾ ਮੁੱਖ ਪ੍ਰਬੰਧ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਤਿਹਾਸਿਕ ਲਾਲ ਕਿਲ੍ਹੇ ‘ਤੇ ਹੋਣਾ ਹੈ, ਜਿੱਥੇ ਨਰਿੰਦਰ ਮੋਦੀ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਨਗੇ। ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਤਿਆਰੀਆਂ ਕੀਤੀਆਂ ਗਈਆਂ ਹਨ, ਉਥੇ ਹੀ ਰਾਜਧਾਨੀ ਅਤੇ ਖਾਸ ਤੌਰ ‘ਤੇ ਲਾਲ ਕਿਲ੍ਹੇ ‘ਤੇ ਬਹੁਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ।
ਇਸ ਸੁਰੱਖਿਆ ਘੇਰੇ ਲਈ ਐੱਨ.ਐੱਸ.ਜੀ. ਸਨਾਈਪਰਸ, ਸਵਾਤ ਕਮਾਂਡੋ, ਪਤੰਗ ਫੜਨ ਵਾਲੇ ਕਾਮੇ, ਸਵਾਨ ਦਸਤੇ ਅਤੇ ਉੱਚੀਆਂ ਇਮਾਰਤਾਂ ’ਤੇ ਕਮਾਂਡੋ ਦੀ ਤਾਇਨਾਤੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਲਾਲ ਕਿਲ੍ਹੇ ਦੇ ਚਾਰੋਂ ਪਾਸੇ ਤਾਇਨਾਤ ਕੀਤਾ ਜਾਵੇਗਾ। ਇਸ ਦੌਰਾਨ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਰਗੇ ਮਾਪਦੰਡਾਂ ਦਾ ਪਾਲਣ ਜ਼ਰੂਰੀ ਹੋਵੇਗਾ।
ਭਾਰਤ ਦੇ ਓਲੰਪਿਕ ਖਿਡਾਰੀ 15 ਅਗਸਤ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ’ਚ ਲਾਲ ਕਿਲ੍ਹੇ ’ਚ ਮੌਜੂਦ ਰਹਿਣਗੇ। ਪੁਲਿਸ ਮੁਤਾਬਕ 350 ਤੋਂ ਵਧ ਕੈਮਰੇ ਲਾਏ ਗਏ ਹਨ ਤੇ ਪੁਲਿਸ ਕੰਟਰੋਲ ਰੂਮ ਦੇ ਜ਼ਰੀਏ 24 ਘੰਟੇ ਉਨ੍ਹਾਂ ਦੀ ਫੁਟੇਜ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਿਹਾ ਕਿ ਲਾਲ ਕਿਲ੍ਹੇ ’ਤੇ ਕਰੀਬ 5,000 ਸੁਰੱਖਿਆ ਦਸਤੇ ਤਾਇਨਾਤ ਹੋਣਗੇ ਅਤੇ ਉਹ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਗੇ। ਉਥੇ ਹੀ ਸੁਰੱਖਿਆ ਕਾਰਨਾਂ ਕਰਕੇ ਲਾਲ ਕਿਲ੍ਹੇ ਦੇ ਮੁੱਖ ਦੁਆਰ ’ਤੇ ਇਸ ਮਹੀਨੇ ਦੀ ਸ਼ੁਰੂਆਤ ‘ਚ ਪਹਿਲੀ ਵਾਰ ਸ਼ਿਪਿੰਗ ਕੰਟੇਨਰਾਂ ਦੀ ਇਕ ਵੱਡੀ ਕੰਧ ਖੜ੍ਹੀ ਕੀਤੀ ਸੀ। ਕੰਟੇਨਰਾਂ ਨੂੰ ਇਸ ਤਰ੍ਹਾਂ ਨਾਲ ਰੱਖਿਆ ਗਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਿਤ ਕਰਨਗੇ ਤਾਂ ਕੋਈ ਵੀ ਕਿਲ੍ਹੇ ਦੇ ਕੰਪਲੈਕਸ ਅੰਦਰ ਨਹੀਂ ਵੇਖ ਸਕੇਗਾ।
ਇਹ ਸਖਤ ਸੁਰੱਖਿਆ ਬੀਤੀ 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਟਰੈਕਟਰ ਚਲਾਉਂਦੇ ਹੋਏ ਲਾਲ ਕਿਲ੍ਹੇ ’ਤੇ ਪਹੁੰਚਣ ਅਤੇ ਸਮਾਰਕ ’ਚ ਐਂਟਰੀ ਕਰ ਕੇ ਇਕ ਕੇਸਰੀ ਝੰਡਾ ਲਹਿਰਾਉਣ ਮਗਰੋਂ ਚੁੱਕਿਆ ਗਿਆ ਹੈ।