ਚੰਡੀਗੜ੍ਹ: ਅੰਮ੍ਰਿਤਸਰ ਵਿਖੇ ਬੀ.ਐੱਸ.ਐੱਫ. ਕੈਂਪਸ ਵਿੱਚ ਜਵਾਨ ਵੱਲੋਂ ਆਪਣੇ ਹੀ ਸਾਥੀਆਂ ‘ਤੇ ਫਾਇਰਿਮੰਗ ਮਾਮਲੇ ਪਿੱਛੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸਰਹੱਦਾਂ ਦੇ ਅਸਲ ਹਾਲਾਤਾਂ ਦੀ ਸਮੀਖਿਆ ਕਰਨ।
ਗੁਰਜੀਤ ਔਜਲਾ ਨੇ ਇੱਕ ਟਵੀਟ ਕਰਕੇ ਕਿਹਾ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਪੰਜਾਬ ਦੇ ਬਾਰਡਰਾਂ ‘ਤੇ ਜ਼ਿਆਦਾ ਡਿਊਟੀ ਕਰਨੀ ਪੈਂਦੀ ਹੈ। ਇਸ ਸਬੰਧ ਵਿੱਚ ਉਹ ਪਹਿਲਾਂ ਵੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਚੁੱਕੇ ਹਨ। ਇਸ ਪਿੱਛੋ ਇਹ ਮੁੱਦਾ ਲੋਕ ਸਭਾ ਵਿੱਚ ਵੀ ਚੁੱਕਿਆ ਗਿਆ ਸੀ ਤੇ ਹੁਣ ਉਹ ਪੀ.ਐੱਮ. ਨਰਿੰਦਰ ਮੋਦੀ ਤੋਂ ਮੰਗ ਕਰ ਰਹੇ ਹਨ ਕਿ ਉਹ ਪੰਜਾਬ ਦੀਆਂ ਸਰਹੱਦਾਂ ਦੇ ਅਸਲ ਹਾਲਾਤਾਂ ਦੀ ਸਮੀਖਿਆ ਕਰਨ।
ਦਸਣਯੋਗ ਹੈ ਕਿ ਬੀਐੱਸਐੱਫ ਦੇ ਖਾਸਾ ਹੈੱਡਕੁਆਰਟਰ ਵਿੱਚ ਬੀਐੱਸਐੱਫ ਦੇ ਜਵਾਨ ਵੱਲੋਂ ਆਪਣੇ ਸਾਥੀਆਂ ’ਤੇ ਗੋਲੀ ਚਲਾਉਣ ਕਾਰਨ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਗੋਲੀ ਚਲਾਉਣ ਵਾਲਾ ਜਵਾਨ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਅੰਮ੍ਰਿਤਸਰ ਸੈਕਟਰ ਹੈੱਡਕੁਆਰਟਰ ਖਾਸਾ ਵਿਖੇ ਡਿਊਟੀ ਨਿਭਾਅ ਰਹੇ 144ਵੀਂ ਬਟਾਲੀਅਨ ਜਵਾਨ ਸਤੁੱਪਾ ਨੇ ਕਥਿਤ ਤੌਰ ’ਤੇ ਵੱਧ ਡਿਊਟੀ ਲਏ ਜਾਣ ਤੋਂ ਤੰਗ ਆ ਕੇ ਆਪਣੀ ਸਰਕਾਰੀ ਰਾਈਫ਼ਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ।