ਦੇਸ਼ ਭਰ ਵਿੱਚ ਇੱਕ ਸਤੰਬਰ ਤੋਂ ਲਾਗੂ ਹੋਏ ਨਵੇਂ ਟਰੈਫਿਕ ਨਿਯਮਾਂ ਨੂੰ ਪੰਜਾਬ ਸਰਕਾਰ ਨੇ ਸੂਬੇ ‘ਚ ਲਾਗੂ ਕਰਨ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਲਦ ਹੀ ਸਾਰੇ ਪੱਖਾਂ ਨੂੰ ਲੈ ਕੇ ਇਸ ਸਬੰਧੀ ਬੈਠਕ ਕੀਤੀ ਜਾਵੇਗੀ, ਜਿਸ ਵਿੱਚ ਨਵੇਂ ਟਰੈਫਿਕ ਨਿਯਮਾਂ ਨੂੰ ਪਹਿਲਾਂ ਸਾਰੇ ਸਬੰਧਤ ਹਿੱਤਧਾਰਕਾਂ ਨਾਲ ਵਿਚਾਰਿਆ ਜਾਵੇਗਾ। ਫਿਰ ਇਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕੇਂਦਰ ਸਰਕਾਰ ਦੇ ਇਸ ਐਕਟ ਨੂੰ ਹੂਬਹੂ ਲਾਗੂ ਕੀਤਾ ਜਾਵੇ ਜਾਂ ਇਸ ਵਿੱਚ ਕੁੱਝ ਫੇਰਬਦਲ ਕੀਤੇ ਜਾਣੇ ਚਾਹੀਦੇ ਹਨ।
ਹਾਲਾਂਕਿ ਸੂਬੇ ਦੇ ਏਡੀਜੀਪੀ (ਟਰੈਫ਼ਿਕ) ਡਾ. ਸ਼ਰਦ ਸੱਤਿਆ ਚੌਹਾਨ ਦਾ ਮੰਨਣਾ ਹੈ ਕਿ ਕਿਸੇ ਵੀ ਨਿਯਮ ਨੂੰ ਉਦੋਂ ਹੀ ਸਫਲਤਾ ਨਾਲ ਲਾਗੂ ਕੀਤਾ ਜਾ ਸਕਦਾ ਹੈ ਜਦੋਂ ਉਸ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਨਾਲ-ਨਾਲ ਸਬੰਧਤ ਨਿਯਮ ਦਾ ਲੋਕਾਂ ਵਿੱਚ ਡਰ ਵੀ ਹੋਵੇ।
ਨਵੇਂ ਐਕਟ ਦੇ ਤਹਿਤ ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਲਾਗੂ ਜ਼ੁਰਮਾਨੇ ਤੇ ਸਜ਼ਾਵਾਂ ‘ਚ ਜ਼ਬਰਦਸਤ ਵਾਧਾ ਕੀਤਾ ਗਿਆ ਹੈ ਪਰ ਪੰਜਾਬ ਸਮੇਤ ਕਈ ਰਾਜਾਂ ਨੇ ਇਸ ਨੂੰ ਆਪਣੇ ਖੇਤਰਾਂ ‘ਚ ਲਾਗੂ ਨਹੀਂ ਕੀਤਾ ਹੈ, ਜਿਸ ਦੇ ਚਲਦਿਆਂ ਸੂਬੇ ‘ਚ ਹਾਲੇ ਪੁਰਾਣੇ ਨੋਟੀਫਿਕੇਸ਼ਨ ਦੇ ਤਹਿਤ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਣ ਕੱਟੇ ਜਾ ਰਹੇ ਹਨ।
ਡਾ. ਸ਼ਰਦ ਸੱਤਿਆ ਚੌਹਾਨ ਨੇ ਦੱਸਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਦੁਆਰਾ ਨਵੇਂ ਐਕਟ ਨੂੰ ਲਾਗੂ ਕੀਤੇ ਜਾਣ ਸਬੰਧੀ ਨੋਟਿਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਨਵੇਂ ਐਕਟ ਦੀਆਂ ਧਾਰਾਵਾਂ ਪੰਜਾਬ ਵਿੱਚ ਲਾਗੂ ਨਹੀਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹਾ ਕਰਨਾ ਸੂਬੇ ਦੇ ਹਿੱਤ ਵਿੱਚ ਹੋਵੇਗਾ ਤੇ ਬੈਠਕ ਤੋਂ ਬਾਅਦ ਨੋਟੀਫਿਕੇਸ਼ਨ ਲਾਗੂ ਕੀਤਾ ਜਾਣਾ ਹੀ ਠੀਕ ਹੈ।
ਡਾ . ਚੌਹਾਨ ਨੇ ਇੱਕ ਸਰਕੁਲਰ ਜਾਰੀ ਕਰ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਦੋਂ ਤੱਕ ਸਟੇਟ ਟਰਾਂਸਪੋਰਟ ਵਿਭਾਗ ਨਵੇਂ ਮੋਟਰ ਵਹੀਕਲ ਬਿੱਲ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ, ਉਦੋਂ ਤੱਕ ਮੌਕੇ ‘ਤੇ ਭੁਗਤਾਨ ਕਰਨ ਵਾਲੇ ਚਲਾਨਾਂ ਦੀ ਪੁਰਾਣੀ ਦਰ ਨਾਲ ਹੀ ਕਾਰਵਾਈ ਕੀਤੀ ਜਾਵੇ।
ਕੇਂਦਰ ਸਰਕਾਰ ਵੱਲੋਂ ਸੋਧੇ ਗਏ ਨਵੇਂ ਟਰੈਫਿਕ ਨਿਯਮ ਪੰਜਾਬ ‘ਚ ਨਹੀਂ ਕੀਤੇ ਗਏ ਲਾਗੂ

Leave a Comment
Leave a Comment