ਨਿਊਜ਼ ਡੈਸਕ: ਰੂਸ ਦੇ ਮਾਸਕੋ ‘ਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਕੰਸਰਟ ਹਾਲ ‘ਤੇ ਹੋਏ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 115 ਤੱਕ ਪਹੁੰਚ ਗਈ ਹੈ ਤੇ 150 ਦੇ ਲਗਭਗ ਲੋਕ ਜ਼ਖਮੀ ਹੋ ਗਏ ਹਨ। ਅੱਤਵਾਦੀਆਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲ ਨੂੰ ਉਡਾ ਦਿੱਤਾ ਅਤੇ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਮਾਸਕੋ ‘ਚ ਹਾਈ ਅਲਰਟ ਜਾਰੀ ਕਰਕੇ ਮੁਹਿੰਮ ਚਲਾਈ। ਇਸ ਘਟਨਾ ‘ਚ ਹੁਣ ਤੱਕ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਬੰਦੂਕਧਾਰੀ ਹਨ ਜੋ ਹਮਲੇ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਪੁਲਿਸ ਨੇ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਫੜ ਲਿਆ।
ਰੂਸੀ ਸੁਰੱਖਿਆ ਏਜੰਸੀ ਮੁਤਾਬਕ ਹਮਲਾਵਰਾਂ ਦੇ ਯੂਕਰੇਨ ਵਿੱਚ ਸੰਪਰਕ ਸਨ ਅਤੇ ਉਹ ਸਰਹੱਦ ਵੱਲ ਭੱਜ ਰਹੇ ਸਨ। ਹਾਲਾਂਕਿ, ਉਹਨਾਂ ਨੂੰ ਰੂਸ-ਯੂਕਰੇਨ ਸਰਹੱਦ ‘ਤੇ ਪਹੁੰਚਣ ਤੋਂ ਪਹਿਲਾਂ ਬ੍ਰਾਇੰਸਕ ਸੂਬੇ ਵਿੱਚ ਫੜ ਲਿਆ ਗਿਆ ਸੀ। ਰੂਸੀ ਏਜੰਸੀ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਰੂਸ ਦੇ ਇਨ੍ਹਾਂ ਦੋਸ਼ਾਂ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਰਿਪੋਰਟਾਂ ਮੁਤਾਬਕ ਫੋਜ ਦੀ ਵਰਦੀ ‘ਚ ਘੱਟ ਤੋਂ ਘੱਟ ਤਿੰਨ ਬੰਦੂਕਧਾਰੀ ਕੰਸਰਟ ਹਾਲ ‘ਚ ਦਾਖਲ ਹੋਏ ਅਤੇ ਅੰਦਰ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਲੋਕ ਜ਼ਖਮੀ ਹੋਏ ਹਨ। ਰੂਸੀ ਸਮਾਚਾਰ ਏਜੰਸੀ ਟਾਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਇਮਾਰਤ ‘ਚ ਧਮਾਕਾ ਵੀ ਹੋਇਆ ਅਤੇ ਅੱਗ ਲੱਗ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।