ਕੈਲਫੋਰਨੀਆ: ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀਆਂ ਉਮੀਦਾਂ ਲੈ ਕੇ ਅਮਰੀਕਾ ‘ਚ ਦਾਖ਼ਲ ਹੋ ਰਹੇ 25 ਪ੍ਰਵਾਸੀਆਂ ਨੇ ਸੋਚਿਆ ਵੀ ਨਹੀਂ ਸੀ ਕਿ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਦੇਣਗੇ। ਕੈਲਫੋਰਨੀਆ ਦੇ ਰੇਤਲੇ ਇਲਾਕੇ ‘ਚ ਅਮਰੀਕਾ-ਮੈਕਸੀਕੋ ਦੀ ਸਰਹੱਦ ਨੇੜੇ ਟਰੈਕਟਰ-ਟਰੇਲਰ ਨਾਲ ਗੱਡੀ ਦੀ ਭਿਆਨਕ ਟੱਕਰ ਹੋ ਗਈ ਜਿਸ ‘ਚ ਦਰਜਨ ਤੋਂ ਵੱਧ ਪ੍ਰਵਾਸੀਆਂ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਗੱਡੀ ‘ਚ 25 ਲੋਕ ਸਵਾਰ ਸਨ ਜਿਨ੍ਹਾਂ ‘ਚੋ 13 ਦੀ ਮੌਤ ਹੋ ਗਈ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸੇ ਦੌਰਾਨ ਗੱਡੀ ਜਾਂ ਟਰੱਕ ਦੀ ਰਫਤਾਰ ਕਿੰਨੀ ਸੀ ਅਤੇ ਕਿਹੜੇ ਕਾਰਨਾਂ ਕਰ ਕੇ ਦੋਹਾਂ ਦੀ ਆਹਮੋ-ਸਾਹਮਣੀ ਟੱਕਰ ਹੋਈ।
ਕੈਲੇਫ਼ੋਰਨੀਆ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਉਮਰ 15 ਤੋਂ 53 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਦਕਿ ਜ਼ਖ਼ਮੀਆਂ ‘ਚੋਂ ਸਭ ਤੋਂ ਛੋਟੀ ਉਮਰ ਵਾਲਾ ਨੌਜਵਾਨ16 ਸਾਲ ਦਾ ਹੈ। ਹਾਈਵੇਅ ਪੈਟਰੋਲ ਦੇ ਅਫ਼ਸਰਾਂ ਵੱਲੋਂ ਹਾਦਸੇ ਤੋਂ ਤੁਰੰਤ ਬਾਅਦ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਪੜਤਾਲ ਸ਼ੁਰੂ ਕਰਦਿਆਂ ਵਿਸਤਾਰਤ ਵੇਰਵੇ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ।