ਪੰਜਾਬ ਚ ਮੌਂਟੇਕ ਕਮੇਟੀ ਨੇ ਕੰਟਰੈਕਟ ਫਾਰਮਿੰਗ ਨੂੰ ਵਧਾਵਾ ਦੇਣ ਦੀ ਕੀਤੀ ਸਿਫ਼ਾਰਿਸ਼, ਕੈਪਟਨ ਨੇ ਕੀਤੀ ਖਾਰਜ

TeamGlobalPunjab
2 Min Read

ਚੰਡੀਗੜ੍ਹ :‍ ਪੰਜਾਬ ਸਰਕਾਰ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ‘ਚ ਸੂਬੇ ਦੀ ਆਰਥਿਕ ਸਥਿਤੀ ਨੂੰ ਲੀਹ ‘ਤੇ ਲੈ ਕੇ ਆਉਣ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਸੀ। ਇਸ ਕਮੇਟੀ ਵਿਚ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਪ੍ਰਧਾਨ ਬਣਾਇਆ ਗਿਆ ਸੀ। ਹੁਣ ਇਸ ਕਮੇਟੀ ਨੇ ਪੰਜਾਬ ਸਰਕਾਰ ਨੂੰ ਖੇਤੀ ਸਬੰਧੀ ਸਿਫ਼ਾਰਸ਼ਾਂ ਦਿੱਤੀਆਂ ਹਨ। ਮੌਂਟੇਕ ਕਮੇਟੀ ਮੁਤਾਬਕ ਪੰਜਾਬ ‘ਚ ਕੰਟਰੈਕਟ ਫਾਰਮਿੰਗ ਨੂੰ ਵਧਾਵਾ ਦੇਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਦੀਆਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਿਫ਼ਾਰਸ਼ਾਂ ਅਤੇ ਸੰਸਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਵਿੱਚ ਕੋਈ ਵੀ ਅੰਤਰ ਨਹੀਂ ਹੈ।

ਇਸ ਕਮੇਟੀ ਵਿਚ ਦੇਸ਼ ਦੇ ਪ੍ਰਸਿੱਧ ਅਰਥ ਸ਼ਾਸਤਰੀ ਵੀ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਸੈਕਟਰ ‘ਚ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਖਾਰਜ ਕਰਕੇ ਮੈਂ ਆਪਣੀ ਸਰਕਾਰ ਦਾ ਸਟੈਂਡ ਸਪਸ਼ਟ ਕਰ ਦਿੱਤਾ ਹੈ। ਅਜਿਹੀ ਕੋਈ ਵੀ ਸਿਫਾਰਿਸ਼ ਜੋ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ, ਉਸ ਨੂੰ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਮੇਟੀ ਦਾ ਕੰਮ ਆਪਣੀ ਸਲਾਹ ਦੇਣਾ ਹੁੰਦਾ ਹੈ, ਪਰ ਇਹ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਮੈਂ ਜ਼ਮੀਨੀ ਹਕੀਕਤ ਜਾਣਦਾ ਹਾਂ ਅਤੇ ਇਹ ਵੀ ਜਾਣਦਾ ਹਾਂ ਕਿ ਕਿਸਾਨਾਂ ਲਈ ਕੀ ਚੰਗਾ ਹੋਵੇਗਾ ਅਤੇ ਕੀ ਬੁਰਾ। ਮੈਂ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਅਜਿਹਾ ਸਮਝੌਤਾ ਨਹੀਂ ਕਰਾਂਗਾ।

Share this Article
Leave a comment