ਸੂਬੇ ਵਿੱਚ ਬਾਗ਼ਬਾਨੀ ਦੇ ਵਿਕਾਸ ਲਈ ਹਰ ਕਦਮ ਚੁੱਕਿਆ ਜਾਵੇਗਾ: ਮੋਹਿੰਦਰ ਭਗਤ

Global Team
2 Min Read

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗਵਾਨੀ ਖ਼ੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਵੱਲੋਂ ਸੂਬੇ ਦੇ ਵੱਖ ਵੱਖ ਜਿਲ੍ਹਿਆਂ ਦੇ ਕੋਲਡ ਸਟੋਰੇਜ ਯੂਨਿਟਾਂ ਦੇ ਮਾਲਕਾਂ ਅਤੇ ਕਿਸਾਨਾਂ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਮੀਟਿੰਗ ਦੀ ਕੀਤੀ ਗਈ।

ਇਸ ਮੀਟਿੰਗ ਦੌਰਾਨ ਕੋਲਡ ਸਟੋਰੇਜ ਯੂਨਿਟਾਂ ਦੇ ਮਾਲਕਾਂ ਅਤੇ ਕਿਸਾਨਾਂ ਨੇ ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਨੂੰ ਆਪਣੀਆਂ ਮੁਸਕਲਾਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ। ਮੰਤਰੀ ਵੱਲੋਂ ਉਨ੍ਹਾਂ ਦੀਆਂ ਮੁਸਕਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਉਨ੍ਹਾ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੋਲਡ ਸਟੋਰੇਜ ਯੂਨਿਟਾਂ ਦੇ ਮਾਲਕਾਂ ਵੱਲੋਂ ਉਨ੍ਹਾ ਨੂੰ ਸਰਕਾਰ ਵੱਲੋਂ ਮਿਲ ਰਹੇ ਵਿੱਤੀ ਲਾਭ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟਾਇਆ।

ਇਸ ਮੌਕੇ ਬਾਗਬਾਨੀ ਮੰਤਰੀ ਨੇ ਦੱਸਿਆ ਕਿ ਨੈਸ਼ਨਲ ਬਾਗਬਾਨੀ ਮਿਸ਼ਨ ਤਹਿਤ ਸਰਕਾਰ ਵੱਲੋਂ ਨਵੇਂ ਬਾਗ ਲਗਾਉਣ, ਕੋਲਡ ਸਟੋਰੇਜ, ਪੈਕ ਹਾਊਸ, ਤਕਨੀਕੀ ਸਹਾਇਤਾ ਅਤੇ ਮਾਰਕੀਟਿੰਗ ਸੁਵਿਧਾਵਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਉਤਪਾਦਨਸ਼ੀਲਤਾ ਅਤੇ ਆਮਦਨ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

ਮੰਤਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਅਤੇ ਬਾਗਬਾਨੀ ਖੇਤਰ ਨਾਲ ਜੁੜੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਬਾਗਬਾਨੀ ਦੇ ਵਿਕਾਸ ਲਈ ਹਰ ਕਦਮ ਚੁੱਕਿਆ ਜਾਵੇਗਾ, ਤਾਂ ਜੋ ਕਿਸਾਨਾਂ ਦੀ ਆਮਦਨ ਵਧੇ ਅਤੇ ਨਵੀਆਂ ਰੋਜ਼ਗਾਰ ਸੰਭਾਵਨਾਵਾਂ ਪੈਦਾ ਹੋਣ।

Share This Article
Leave a Comment