ਸੁਮੇਧ ਸੈਣੀ ਨੂੰ ਇੱਕ ਹੋਰ ਵੱਡਾ ਝਟਕਾ, ਮੋਹਾਲੀ ਦੀ ਅਦਾਲਤ ਵਲੋਂ ਨੋਟਿਸ ਜਾਰੀ

TeamGlobalPunjab
2 Min Read

ਚੰਡੀਗੜ੍ਹ (ਬਿੰਦੂ ਸਿੰਘ): ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅੱਜ ਮੋਹਾਲੀ ਦੀ ਅਦਾਲਤ ਤੋਂ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ‘ਤੇ ਕਾਰਵਾਈ ਕਰਦੇ ਹੋਏ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੋਹਾਲੀ ਦੀ ਅਦਾਲਤ ਨੇ ਸੁਮੇਧ ਸੈਣੀ ਤੇ ਉਨ੍ਹਾਂ ਦੇ ਵਕੀਲਾਂ ਨੂੰ 14 ਸਤੰਬਰ ਲਈ ਸ਼ੋਅ ਕਾਜ਼ ਨੋਟਿਸ ਜਾਰੀ ਕਰਦੇ ਹੋਏ ਕਿਹਾ ਸੁਮੇਧ ਸੈਣੀ ਤੇ ਉਨ੍ਹਾਂ ਦੇ ਵਕੀਲਾਂ ਦੇ ਖਿਲਾਫ ਕੋਰਟ ਦੀ ਅਵਮਾਨਨਾ ਦਾ ਮਾਮਲਾ ਕਿਉਂ ਨਾਂ ਚਲਾਇਆ ਜਾਵੇ।

ਮੋਹਾਲੀ ਕੋਰਟ ਨੇ ਇਹ ਨੋਟਿਸ ਅਦਾਲਤ ਵਿੱਚ ਸੈਣੀ ਦੇ ਵਕੀਲਾਂ ਵੱਲੋਂ ਕੀਤੀ ਗਈ ਗਲਤ ਬਿਆਨਬਾਜ਼ੀ ਨੂੰ ਲੈ ਕੇ ਜਾਰੀ ਕੀਤਾ ਹੈ। ਜਿਸ ਵਿੱਚ ਕੋਰਟ ਨੇ ਕਿਹਾ ਹੈ ਕਿ ਸੈਣੀ ਦੇ ਵਕੀਲਾਂ ਨੇ ਮੋਹਾਲੀ ਕੋਰਟ ਨੂੰ ਇਹ ਇਤਲਾਹ ਦਿੱਤੀ ਕਿ ਹਾਈ ਕੋਰਟ ਨੇ ਰਿਮਾਂਡ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਐੱਫਆਈਆਰ ਨੰਬਰ 11 ਦੇ ਮਾਮਲੇ ਨੂੰ ਲੈ ਕੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਨੂੰ 12 ਵਜੇ ਮੋਹਾਲੀ ਕੋਰਟ ‘ਚ ਪੇਸ਼ ਕਰਕੇ ਅਦਾਲਤ ਤੋਂ ਰਿਮਾਂਡ ਮੰਗਿਆ ਸੀ।

ਵਿਜੀਲੈਂਸ ਬਿਊਰੋ ਨੇ ਮੋਹਾਲੀ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਦੇ ਹੋਏ ਕੋਰਟ ਨੂੰ ਇਹ ਗੁਹਾਰ ਲਗਾਈ ਹੈ ਕਿ ਸੈਣੀ ਤੇ ਉਨ੍ਹਾਂ ਦੇ ਵਕੀਲ ਰਮਨ ਸੰਧੂ ਅਤੇ ਗੁਨਿੰਦਰ ਸਿੰਘ ਬਰਾੜ ਤੇ ਹੋਰਨਾਂ ਵਕੀਲਾਂ ‘ਤੇ ਗਲਤ ਬਿਆਨਬਾਜ਼ੀ ਕਰਕੇ ਅਦਾਲਤ ਨੂੰ ਗੁੰਮਰਾਹ ਕਰਨ ਦੇ ਮਾਮਲੇ ‘ਚ ਕ੍ਰਿਮੀਨਲ ਕੰਟੈਂਪਟ ਦੀ ਕਾਰਵਾਈ ਕੀਤੀ ਜਾਵੇ ਜਿਸ ਨੂੰ ਲੈ ਕੇ ਮੋਹਾਲੀ ਦੀ ਸੀਜੇਐੱਮ ਕੋਰਟ ਨੇ 14 ਸਤੰਬਰ ਲਈ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਹੈ।

Share This Article
Leave a Comment